ਹਵਾਈ ਅੱਡੇ ਦੇ ਵਿਸਥਾਰ ਨਾਲ ਪੰਜਾਬ ਦੀ ਆਰਥਿਕਤਾ ਵਧੇਗੀ-ਔਜਲਾ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰੀ ਵਣਜ, ਉਦਯੋਗ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਐਪਰਨ ਦੇ ਵਿਸਥਾਰ ਦਾ ਉਦਘਾਟਨ ਕੀਤਾ ਗਿਆ।ਹਵਾਈ ਅੱਡੇ `ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸ੍ਰੀਮਤੀ ਜਤਿੰਦਰ ਸੋਨੀਆ ਪ੍ਰ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਮਨੋਜ ਸਿਸੋਦੀਆ ਡਾਇਰੈਕਟਰ ਏਅਰਪੋਰਟ ਅਥਾਰਟੀ ਅੰਮ੍ਰਿਤਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਇਕ ਨਵੇਂ ਰੂਪ ਵਿੱਚ ਉਭਰ ਰਿਹਾ ਹੈ ਅਤੇ ਪਿਛਲੇ ਸਾਲ ਦੀ ਤੁਲਨਾ ਨਾਲੋਂ ਇਥੇ 48.1 ਫੀਸਦੀ ਯਾਤਰੀਆਂ ਦਾ ਵਾਧਾ ਹੋਇਆ ਹੈ।ਉਨਾਂ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੋਂ ਕਈ ਉਡਾਣਾ ਅੰਮ੍ਰਿਤਸਰ ਨੂੰ ਤਬਦੀਲ ਕੀਤੀਆਂ ਗਈਆਂ ਹਨ ਅਤੇ ਇਸ ਹਵਾਈ ਅੱਡੇ `ਤੇ ਘੱਟ ਰੋਸ਼ਨੀ ਦੋਰਾਨ ਵੀ ਸਫਲਤਾ ਪੂਰਵਕ ਉਡਾਣਾਂ ਵਾਸਤੇ ਕੈਟ 3 ਬੀ ਪ੍ਰਣਾਲੀ ਵੀ ਲਗਾਈ ਗਈ ਹੈ।ਔਜਲਾ ਨੇ ਦੱਸਿਆ ਕਿ ਐਪਰਨ ਦੇ ਵਿਸਥਾਰ ਨਾਲ ਇਸ ਦੀ ਪਾਰਕਿੰਗ ਸੁਵਿਧਾ 15 ਤੋਂ ਵੱਧ ਕੇ 25 ਤੱਕ ਕਰ ਹੋ ਜਾਵੇਗੀ।ਜਿਸ ਨਾਲ ਰਾਤ ਵੇਲੇ ਵੀ ਏਅਰਲਾਈਨਜ ਦੀਆਂ ਉਡਾਣਾਂ ਦੀ ਪਾਰਕਿੰਗ ਇਥੇ ਹੋ ਸਕੇਗੀ।
ਔਜਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਪਰਨ ਦੇ ਵਿਸਥਾਰ ਤੇ ਲੱਗਭਗ 96.15 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਸਾਰਾ ਕੰਮ ਨਵੰਬਰ 2019 ਤੱਕ ਮੁਕੰਮਲ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਬਜੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ’ਤੇ ਵੀ ਕੰਮ ਕਰ ਰਹੀ ਹੈ ਅਤੇ ਏਅਰਪੋਰਟ ਦੇ ਵਿਸਥਾਰ ਨਾਲ ਜਿਥੇ ਜਿਆਦਾ ਯਾਤਰੂ ਅੰਮ੍ਰਿਤਸਰ ਆਉਣਗੇ ਉਥੇ ਪੰਜਾਬ ਦੀ ਆਰਥਿਕਤਾ ਨੂੰ ਵੀ ਇਕ ਨਵਾਂ ਹੁਲਾਰਾ ਮਿਲੇਗਾ।ਔਜਲਾ ਨੇ ਦੱਸਿਆ ਕਿ ਏਅਰਪੋਰਟ ਦੀ ਬਿਲਡਿੰਗ ਦਾ ਵੀ 100 ਮੀਟਰ ਤੱਕ ਵਿਸਥਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਅੰਮਿ੍ਰਤਸਰ ਦੇ ਹਵਾਈ ਅੱਡੇ ਨੂੰ ਵੀ ਇੱਕ ਸੁੰਦਰ ਦਿੱਖ ਪ੍ਰਦਾਨ ਕੀਤੀ ਜਾਵੇਗੀ।ਏਅਰਪੋਰਟ ਅਥਾਰਟੀ ਵੱਲੋਂ ਗੁਰਜੀਤ ਸਿੰਘ ਔਜਲਾ ਨੂੰ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Punjab Post Daily Online Newspaper & Print Media