ਰਾਜ ਸਭਾ ਮੈਂਬਰ ਸ਼ਵੇਤ ਮਲਿਕ ਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਛੀਨਾ ਨੇ ਨਿਭਾਈ ਰਸਮ
ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਸਫ਼ਲਤਾ ਨੂੰ ਛੂਹ ਰਹੇ ਖਾਲਸਾ
ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਵਿਖੇ ਅੱਜ ਕਾਨਵੋਕੇਸ਼ਨ ਦਾ ਅਗਾਜ਼ ਬੜੀ ਹੀ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ।ਜਿਸ ’ਚ 400 ਦੇ ਕਰੀਬ ਐਮ.ਐਡ ਅਤੇ ਬੀ.ਐਡ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਲਈ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਮੁੱਖ ਮਹਿਮਾਨ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
ਕਾਲਜ ਪ੍ਰਿੰਸੀਪਲ ਡਾ. ਢਿੱਲੋਂ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਟ ਕੀਤੇ।ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰਕੇ ਕੀਤਾ ਗਿਆ।
ਮਲਿਕ ਨੇ ਕਿਹਾ ਕਿ ਅੱਜ ਜਰੂਰਤ ਹੈ ਕਿ ਅਧਿਆਪਨ ਦੇ ਨਵੇਂ ਢੰਗੇ ਤਰੀਕੇ ਤੇ ਖੋਜਾਂ ਨੂੰ ਅਪਣਾ ਕੇ ਸਿੱਖਿਆ ਨੂੰ ਵਿਦਿਆਰਥੀਆਂ ’ਚ ਇਕ ਸੋਚ ਦੇ ਧਾਰਨੀ ਬਣਾਉਣ ਦੀ। ਉਨ੍ਹਾਂ ਕਿਹਾ ਕਿ ਅਧਿਆਪਨ ਦਾ ਮੰਤਵ ਆਧੁਨਿਕ ਸਮੇਂ ’ਚ ਵਿਦਿਆਰਥੀਆਂ ਨੂੰ ਮੌਜ਼ੂਦਾ ਸਮੇਂ ’ਚ ਹੋ ਰਹੀਆਂ ਗਤੀਵਿਧੀਆਂ ਨਾਲ ਜੋੜਣ ਤੇ ਨਿਪੁੰਨ ਕਿੱਤਾਮੁਖੀ ਵਿਅਕਤੀ ਹੋਣਾ ਚਾਹੀਦਾ ਹੈ।ਉਨਾਂ ਨੇ ਕਾਲਜ ਵਿਦਿਆਰਥੀਆਂ ਨੂੰ ਜਲਦ ਹੀ ਜਿਮ ਦੀ ਸੁਵਿਧਾ ਪ੍ਰਦਾਨ ਕਰਨ ਦਾ ਐਲਾਨ ਵੀ ਕੀਤਾ।
ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦੇ ਮਿਆਰ ’ਚ ਅਦਭੁੱਤ ਕ੍ਰਾਂਤੀ ਲਿਆਉਣ ਲਈ ਅਧਿਆਪਕ ਦਾ ਸਰਵਗੁਣ ਹੋਣਾ ਅਤਿ ਜਰੂਰੀ ਹੈ।ਉਨ੍ਹਾਂ ਕਿਹਾ ਕਿ ਇਕ ਗੁਣਵਾਨ ਅਧਿਆਪਕ ਚੰਗਾ ਸਮਾਜ ਸਿਰਜਨ ਦੀ ਸਮੱਰਥਾ ਰੱਖਦਾ ਹੈ ।ਨਕਲ ਵਿਦਿਆਰਥੀ ਦੀ ਕਮਜ਼ੋਰ ਦਿੱਖ ਨੂੰ ਉਜਾਗਰ ਕਰਦੀ ਹੈ, ਜੋ ਸਮਾਜ ਲਈ ਸ਼ਰਾਪ ਅਤੇ ਸਿੱਖਿਆ ਲਈ ਕਲੰਕ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਤੋਂ ਪਹਿਲਾਂ ਪਿ੍ਰੰਸੀਪਲ ਡਾ. ਢਿੱਲੋਂ ਨੇ ਸਿੱਖਿਆ, ਸੱਭਿਆਚਾਰਕ ਗਤੀਵਿਧੀਆਂ ਤੇ ਖੇਡਾਂ ’ਚ ਹਾਸਲ ਉਪਲਬੱਧੀਆਂ ਸਬੰਧੀ ਸਲਾਨਾ ਰਿਪੋਰਟ ਪੇਸ਼ ਕੀਤੀ। ਸਮਾਰੋਹ ਦੌਰਾਨ ਵਿਦਿਆਰਥੀਆਂ ਦੁਆਰਾ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਭੰਗੜਾ, ਗਿੱਧਾ, ਲੋਕ ਬੋਲੀਆਂ ਤੇ ਕੋਰੀਓਗ੍ਰਾਫੀ ਪੇਸ਼ ਕਰਕੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ।
ਮਲਿਕ ਨੇ ਛੀਨਾ ਅਤੇ ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ ਨਾਲ ਮਿਲ ਕੇ 11 ਮੈਰਿਟ `ਚ ਆਏ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ, ਸ਼ੀਲਡ ਤੇ ਮੈਡਲ, 18 ਯੂ.ਜੀ.ਸੀ ਨੈਟ ਕਲੀਅਰ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੀਲਡ ਅਤੇ 10 ਹੋਰਨਾਂ ਨੂੰ ਸ਼ੀਲਡਾਂ ਨਾਲ ਸਨਮਾਨਿਤ ਕੀਤਾ।ਇਸ ਤੋਂ ਇਲਾਵਾ 2 ਨੈਸ਼ਨਲ ਐਵਾਰਡ ਜੇਤੂ ਅਧਿਆਪਕ ਵੀਸ਼ੂ ਅਤੇ ਵਿਨੈ ਵੈਦ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ’ਤੇ ਕੌਂਸਲ ਦੇ ਜੁਆਇੰਟ ਸਕੱਤਰ ਹਰਮਿੰਦਰ ਸਿੰਘ ਫ਼੍ਰੀਡੰਮ, ਮੈਂਬਰ ਪਰਮਜੀਤ ਸਿੰਘ ਬੱਲ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਉਪ ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ, ਖਾਲਸਾ ਕਾਲਜ ਆਫ਼ ਫ਼ਾਰਮੇਸੀ ਪ੍ਰਿਸਪਲ ਡਾ. ਆਰ.ਕੇ ਧਵਨ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਪ੍ਰਿੰਸੀਪਲ ਨਾਨਕ ਸਿੰਘ ਅਤੇ ਵਿਦਿਆਰਥੀ ਤੇ ਸਟਾਫ਼ ਮੌਜ਼ੂਦ ਸੀ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media