Friday, September 4, 2026

10 ਓਟ ਸੈਂਟਰ ਬਣੇ ਮੁੱਖ ਸਹਾਰਾ – ਨੌਜਵਾਨ ਨਸ਼ੇ ਛੱਡ ਕੇ ਮੁੱਖ ਧਾਰਾ `ਚ ਪਰਤਣ ਲੱਗੇ

PUNJ1203201908ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ)  – ਵੱਧ ਰਹੇ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮ ਕਾਰਗਾਰ ਸਾਬਿਤ ਹੋਏ ਹਨ, ਜਿਸ ਸਦਕਾ ਨੌਜਵਾਨ ਨਸ਼ੇ ਛੱਡ ਕੇ ਮੁੱਖ ਧਾਰਾ ਵਿਚ ਪਰਤਣ ਲੱਗੇ ਹਨ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਓਟ ਕੇਂਦਰਾਂ ਉਤੇ ਨਸ਼ਾ ਛੱਡਣ ਲਈ ਦਿੱਤੀ ਜਾਂਦੀ ਦਵਾਈ ਦਾ ਕੋਰਸ ਪੂਰਾ ਕਰਕੇ ਕਈ ਨੌਜਵਾਨਾਂ ਨੇ ਨਸ਼ਾ ਛੱਡਿਆ ਹੈ ਅਤੇ ਇੰਨਾਂ ਵਿਚੋਂ ਕਈ ਕੇਵਲ ਆਪ ਹੀ ਨਸ਼ੇ ਦਾ ਕੋਹੜ ਗਲੋਂ ਲਾਹੁਣ ਵਿਚ ਕਾਮਯਾਬ ਨਹੀਂ ਹੋਏ, ਬਲਕਿ ਨਸ਼ਾ ਕਰਦੇ ਹੋਰ ਨੌਜਵਾਨਾਂ ਨੂੰ ਓਟ ਕੇਂਦਰਾਂ ਤੱਕ ਲਿਆਉਣ ਵਿਚ ਸਹਾਈ ਹੋਏ ਹਨ।
            ਉਨਾਂ ਦੱਸਿਆ ਕਿ ਇਸ ਸਮੇਂ ਜਿਲੇ ਵਿਚ 10 ਨਸ਼ਾ ਛੁਡਾਉ ਕੇਂਦਰ ਜਿਲ੍ਹੇ ਵਿਚ ਅਤੇ ਇਕ ਕੇਂਦਰੀ ਜੇਲ੍ਹ ਵਿਚ ਚੱਲ ਰਿਹਾ ਹੈ, ਜਿੱਥੇ ਅੰਮਿ੍ਰਤਸਰ ਤੋਂ ਇਲਾਵਾ ਤਰਨ ਤਾਰਨ ਤੋਂ ਵੀ ਵੱਡੀ ਗਿਣਤੀ ਵਿਚ ਕੈਦੀ ਮੌਜੂਦ ਹਨ। ਉਨਾਂ ਦੱਸਿਆ ਕਿ ਸਾਰੇ ਓਟ ਕੇਂਦਰਾਂ ਉਤੇ ਨਸ਼ਾ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਨਸ਼ੱਈ ਨੌਜਵਾਨਾਂ ਨੂੰ ਡਾਕਟਰ ਆਪਣੀ ਹਾਜ਼ਰੀ ਵਿਚ ਦਵਾਈ ਖੁਆ ਕੇ ਘਰ ਭੇਜ ਦਿੰਦਾ ਹੈ, ਜਦਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ ਵਿਚ ਜ਼ਿਆਦਾ ਪੀੜਤ ਨੌਜਵਾਨ ਨੂੰ ਉਥੇ ਭਰਤੀ ਕਰਕੇ ਇਲਾਜ ਕੀਤਾ ਜਾਂਦਾ ਹੈ, ਜਿਸ ਵਿਚ ਦਵਾਈ ਦੇ ਨਾਲ-ਨਾਲ ਮਨੋਰੋਗੀ ਡਾਕਟਰ ਵੀ ਸਹਾਇਤਾ ਕਰਦੇ ਹਨ ਅਤੇ ਮਰੀਜ਼, ਉਸ ਦੇ ਪਰਿਵਾਰ ਦੀ ਕੌਂਸਲਿੰਗ, ਮੈਡੀਟੇਸ਼ਨ, ਦਵਾਈਆਂ ਦੇ ਕੇ ਨਸ਼ਿਆਂ ਤੋਂ ਪ੍ਰਭਾਵਿਤ ਨੌਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
                ਡਿਪਟੀ ਮੈਡੀਕਲ ਕਮਿਸ਼ਨਰ ਡਾ. ਪ੍ਰਭਜੋਤ ਕੌਰ ਜੌਹਲ ਨੇ ਦੱਸਿਆ ਕਿ ਅਟਾਰੀ, ਖਾਸਾ ਅਤੇ ਅਜਨਾਲਾ ਸਰਹੱਦੀ ਪੱਟੀ ਤੋਂ ਵੱਡੀ ਗਿਣਤੀ ਨੌਜਵਾਨ ਓਟ ਕੇਂਦਰਾਂ ਤੋਂ ਦਵਾਈ ਖਾ ਕੇ ਨਸ਼ੇ ਛੱਡਣ ਵਿਚ ਕਾਮਯਾਬ ਹੋਏ ਹਨ ਅਤੇ ਇਸ ਵੇਲੇ ਅੰਮ੍ਰਿਤਸਰ ਜਿਲ੍ਹੇ ਵਿਚ 12441 ਨਸ਼ੇ ਦੇ ਰੋਗੀ ਆਪਣਾ ਇਲਾਜ ਕਰਵਾ ਰਹੇ ਹਨ, ਜਿਸ ਵਿਚੋਂ ਇਕੱਲੀ ਜੇਲ੍ਹ ਵਿਚ ਹੀ 800 ਦੇ ਕਰੀਬ ਨੌਜਵਾਨਾਂ ਦਾ ਇਲਾਜ ਹੋ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਮੇਂ ਅੰਮਿ੍ਰਤਸਰ ਵਿਖੇ ਸਰਕਾਰੀ ਵਿਵੇਕਾਨੰਦ ਮੁੜ ਵਸੇਬਾ ਕੇਂਦਰ ਨਜ਼ਦੀਕ ਕਰਮ ਸਿੰਘ ਵਾਰਡ, ਸਰਕੂਲਰ ਰੋਡ, ਦਿਹਾਤੀ ਹਸਪਤਾਲ ਚਵਿੰਡਾ ਦੇਵੀ, ਸਬ ਡਵੀਜ਼ਨ ਹਸਪਤਾਲ ਬਾਬਾ ਬਕਾਲਾ, ਅਜਨਾਲਾ, ਕਮਿਊਨਿਟੀ ਸਿਹਤ ਕੇਂਦਰ ਮਜੀਠਾ, ਮਾਨਾਂਵਾਲਾ, ਤਰਸਿੱਕਾ, ਲੋਪੋਕੇ, ਵੇਰਕਾ ਅਤੇ ਮਹਿਤਾ ਵਿਖੇ ਨਸ਼ਾ ਛੁਡਾਉ ਕੇਂਦਰ ਚੱਲ ਰਹੇ ਹਨ। ਜਿਨਾਂ ਵਿੱਚ ਜਾ ਕੇ ਕੋਈ ਵੀ ਨਸ਼ਾ ਪੀੜਤ ਆਪਣਾ ਇਲਾਜ ਮੁਫ਼ਤ ਕਰਵਾ ਸਕਦਾ ਹੈ।ਢਿਲੋਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਗ੍ਰਿਫਤ ਵਿੱਚ ਆਏ ਵਿਅਕਤੀਆਂ ਦੇ ਮੁਫ਼ਤ ਇਲਾਜ਼ ਲਈ ਜਿਲੇ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਦਾ ਲਾਭ ਉਠਾਉਣ।

Check Also

ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਸੰਧੂ ਵਲੋਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਸਵੱਛਤਾ ਪਖਵਾੜਾ ਦੀ ਸ਼ੁਰੂਆਤ

ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਜ਼ਿਲ੍ਹੇ ਦੇ ਸਮੂਹ ਸਕੂਲਾਂ ਅੰਦਰ ਸਫਾਈ ਅਤੇ ਸਵੱਛਤਾ ਨੂੰ …

Leave a Reply