ਸਮਰਾਲਾ, 15 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿਖੇ ਹੋਈ।ਮੀਟਿੰਗ ਵਿੱਚ ਖਮਾਣੋਂ ਅਤੇ ਮਾਛੀਵਾੜਾ ਦੀਆਂ ਇਕਾਈਆਂ ਨੇ ਵੀ ਹਿੱਸਾ ਲਿਆ।
ਜੰਗ ਸਿੰਘ ਭੰਗਲਾਂ ਨੇ ਸਟੇਜ ਦਾ ਸੰਚਾਲਨ ਕਰਦੇ ਹੋਏ ਦੱਸਿਆ ਕਿ ਫਰੰਟ ਵੱਲੋਂ ਪਿਛਲੇ ਮਹੀਨੇ ਦੌਰਾਨ ਚਾਰ ਕੇਸ ਨਿਪਟਾਏ ਗਏ।ਬੁਲਾਰਿਆਂ ਵਿੱਚ ਸਰਾਓ ਖਮਾਣੋ ਨੇ ਕਿਹਾ ਕਿ ਤੰਦਰੁਸਤ ਪੰਜਾਬ ਦੇ ਅਧੀਨ ਸਰਕਾਰੀ ਪ੍ਰਚਾਰ ਵਿੱਚ ਸਭ ਕੁਝ ਗਲਤ ਹੋ ਰਿਹਾ ਹੈ, ਇਸ ਮੌਕੇ ਪੰਜਾਬ ਅੰਦਰ ਕਿਸੇ ਵੀ ਤਰ੍ਹਾਂ ਹਾਲਾਤ ਚੰਗੇ ਨਹੀਂ ਹਨ, ਹੁਣ ਮਰੀਜ਼ਾਂ ਕਿਸੇ ਵੱਡੇ ਹਸਪਤਾਲ ਜਾਣ ਮੌਕੇ ਉਨ੍ਹਾਂ ਨੂੰ ਲੈ ਕੇ ਐਬੂਲੈਂਸ ਪਹਿਲਾਂ ਹੈਡ-ਕੁਆਟਰ ਹਸਪਤਾਲ `ਤੇ ਜਾਵੇਗੀ ਫਿਰ ਉਹ ਦੂਜੇ ਹਸਪਤਾਲ ਵਿੱਚ ਆਪ ਭੇਜਣਗੇ।ਉਹ ਰਾਜ ਕਿਵੇਂ ਤੰਦਰੁਸਤ ਹੋ ਸਕਦਾ ਹੈ, ਜਿੱਥੇ ਮਨੁੱਖੀ ਜਾਨ ਨਾਲ ਖਿਲਵਾੜ ਹੋ ਰਿਹਾ ਹੋਵੇ।ਕੇਵਲ ਸਿੰਘ ਹੇਡੋਂ ਨੇ ਕਿਹਾ ਕਿ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਦੇ ਐਨੁਅਲ ਚਾਰਜ, ਸਕੂਲ ਦੀ ਵਰਦੀ ਤੇ ਕਿਤਾਬਾਂ ਵਿੱਚ ਅੰਨੀ ਲੁੱਟ ਹੋ ਰਹੀ ਹੈ, ਜਿਸ ਲਈ ਸਮੇਂ ਦੀਆਂ ਮੌਜੂਦਾ ਸਰਕਾਰਾਂ ਜਿੰਮੇਵਾਰ ਹਨ ਜੋ ਪੰਜਾਬ ਦੇ ਲੋਕਾਂ ਨੂੰ ਸਿੱਖਿਅਤ ਹੋਣਾ ਹੀ ਨਹੀਂ ਦੇਣਾ ਚਾਹੁੰਦੀਆਂ।ਗਿਆਨ ਸਿੰਘ ਪੰਜੇਟਾ ਨੇ ਕਿਹਾ ਕਿ ਵੋਟਾਂ ਲਈ ਪੰਜ ਰੁਪਏ ਤੱਕ ਦੀਆਂ ਨਸ਼ੇ ਦੀਆਂ ਪੁੜੀਆਂ ਵੰਡੀਆਂ ਜਾਂਦੀਆਂ ਹਨ।ਦੀਪ ਦਿਲਬਰ ਨੇ ਕਿਹਾ ਕਿ ਹੁਣ ਲੋਕ ਸਭਾ ਵੋਟਾਂ ਨੇੜੇ ਹਨ, ਲੋਕਾਂ ਨੂੰ ਆਪਣੀ ਮਰ ਚੁੱਕੀ ਜਮੀਰ ਨੂੰ ਜਗਾ ਕੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ, ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਆਮ ਲੋਕਾਂ ਦਾ ਹੋਰ ਕੰਚੂਮਰ ਨਿਕਲੇਗਾ ਅਤੇ ਇਸ ਤੋਂ ਇਲਾਵਾ ਸਮਰਾਲਾ ਇਲਾਕੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਬਾਰੇ ਚਰਚਾ ਕੀਤੀ, ਜਿਸ ਸਬੰਧੀ ਫਰੰਟ ਨੂੰ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਪ੍ਰਤੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।ਹਰਬੰਸ ਸਿੰਘ ਮਾਂਗਟ ਨੇ ਦੱਸਿਆ ਕਿ ਲੁਧਿਆਣੇ `ਚ ਅਕਾਲੀ ਦਲ ਦੀ ਰੈਲੀ ਵਾਲੇ ਦਿਨ ਚਿੱਟਾ ਸ਼ਰੇਆਮ ਮੰਡੀ ਲਗਾ ਕੇ ਵੰਡਿਆ ਗਿਆ।ਇਹ ਸਾਰਾ ਕੁੱਝ ਸੋਸ਼ਲ ਮੀਡੀਆ `ਤੇ ਵਾਇਰਲ ਹੋਇਆ, ਪ੍ਰੰਤੂ ਮੌਜੂਦਾ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ 10-10 ਗਰਾਮ ਵਾਲਿਆਂ `ਤੇ ਕੇਸ ਪਾਉਣ ਲਈ ਮਸ਼ਰੂਫ ਹੈ, ਵੱਡੀਆਂ ਮੱਛੀਆਂ ਉਸੇ ਤਰ੍ਹਾਂ ਦਨਦਨਾਉਂਦੀਆਂ ਫਿਰ ਰਹੀਆਂ ਹਨ। ਅਵਤਾਰ ਸਿੰਘ ਉਟਾਲਾਂ ਨੇ ਫਰੰਟ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ‘‘ਗਦੌੜਾ’’ ਨਾਂ ਦੀ ਕਵਿਤਾ ਸੁਣਾਈ।
ਅਖੀਰ ਵਿੱਚ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਨੇ ਦੱਸਿਆ ਕਿ ਦੇਸ਼ ਦੀ ਡਿੱਗਦੀ ਆਰਥਿਕਤਾ ਲਈ ਰਾਜਨੀਤਿਕ ਅਤੇ ਅਫਸਰ ਲੋਕ ਜਿੰਮੇਵਾਰ ਹਨ।ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਸਬੰਧੀ ਕਿਹਾ ਕਿ ਹੁਣ ਰਾਜਨੀਤਕ ਪਾਰਟੀਆਂ ਦੇ ਲੀਡਰ ਤੁਹਾਡੇ ਦਰਾਂ ਤੇ ਵੋਟਾਂ ਲਈ ਅਲਖ ਜਗਾਉਣਗੇ, ਪ੍ਰੰਤੂ ਆਮ ਲੋਕਾਂ ਖਾਸ ਕਰਕੇ ਸਮਰਾਲਾ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਥੋਂ ਦੇ ਰਾਜਨੀਤਕ ਲੀਡਰਾਂ ਨੂੰ ਉਨ੍ਹਾਂ ਦੁਆਰਾ ਕੀਤੇ ਕੰਮਾਂ ਸਬੰਧੀ ਸਵਾਲ ਕਰਨ, ਪੁੱਛਣ ਕਿ ਸਮਰਾਲਾ ਇਲਾਕੇ ਦੇ ਮਾੜੇ ਹਾਲ ਸਬੰਧੀ ਕੌਣ ਜਿੰਮੇਵਾਰ ਹੈ ? ਆਪਣੀ ਵੋਟ ਦਾ ਮੁੱਲ ਪਹਿਚਾਣ ਕੇ ਇਸ ਦੀ ਵਰਤੋਂ ਕਰਨ, ਨਾ ਕਿ ਇੱਕ ਬੋਤਲ ਪਿੱਛੇ ਆਪਣਾ ਜਮੀਰ ਵੇਚਣ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਕੰਗ, ਸ਼ਵਿੰਦਰ ਸਿੰਘ, ਰਾਜਿੰਦਰ ਸਿੰਘ, ਸੁਰਿੰਦਰ ਕੁਮਾਰ, ਪ੍ਰੇਮ ਨਾਥ, ਸੁਖਵਿੰਦਰ ਸਿੰਘ ਮਾਛੀਵਾੜਾ, ਬਲਬੀਰ ਸਿੰਘ ਚਹਿਲਾਂ, ਲਾਭ ਸਿੰਘ ਚਹਿਲਾਂ, ਕਰਨੈਲ ਸਿੰਘ ਚਹਿਲਾਂ, ਪ੍ਰੀਤਮ ਸਿੰਘ ਚਹਿਲਾਂ, ਬੰਤ ਸਿੰਘ ਕਾਮਰੇਡ, ਲਛਮਣ ਸਿੰਘ ਰਾਏ ਐਡਵੋਕੇਟ, ਰਵਿੰਦਰ ਕੌਰ, ਮਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …