ਏ ਐਂਡ ਏ ਅਡਵਾਇਜ਼ਰ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਕਾਰਜ ਲਈ ਇੱਕ ਜਾਣੀ ਪਛਾਣੀ ਕੰਪਨੀ ਹੈ ਜਿਸਨੇ ਪਿਛਲੇ ਕੁਝ ਕੁ ਹੀ ਸਮੇਂ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।`ਕੈਰੀ ਆਨ ਜੱਟਾ-2` ਅਤੇ `ਵਧਾਈਆਂ ਜੀ ਵਧਾਈਆ` ਵਰਗੀਆਂ ਸੁਪਰ ਡੁਪਰ ਹਿੱਟ ਫ਼ਿਲਮਾਂ ਦਾ ਸਿਹਰਾ ਇਸੇ ਕੰਪਨੀ ਦੇ ਸਿਰ ਬੱਝਦਾ ਹੈ।ਵਪਾਰਕ ਪੱਖੋਂ ਸਫ਼ਲ ਰਹੀਆਂ ਇੰਨ੍ਹਾਂ ਫ਼ਿਲਮਾਂ ਨੇ ਇਸ ਨਿਰਮਾਣ ਕੰਪਨੀ ਦਾ ਹੌਸਲਾ ਦੁੱਗਣਾ-ਚੌਗੁਣਾ ਕੀਤਾ ਤਾਂ ਇਹ ਪੱਕੇ ਤੌਰ `ਤੇ ਪੰਜਾਬੀ ਸਿਨਮੇ ਨੂੰ ਸਮਰਪਤ ਹੋ ਗਈ।ਇਸ ਕੰਪਨੀ ਦੇ ਕਰਤਾ-ਧਰਤਾ ਅਤੁੱਲ ਭੱਲਾ ਅਤੇ ਅਮਿਤ ਭੱਲਾ ਬਹੁਤ ਹੀ ਮੇਹਨਤੀ ਸਖ਼ਸ ਹਨ, ਜਿੰਨ੍ਹਾਂ ਨੇ ਪੰਜਾਬੀ ਫ਼ਿਲਮਾਂ ਲਈ ਪੈਸਾ ਲਾਉਣ ਤੋਂ ਪਹਿਲਾਂ ਪੰਜਾਬੀ ਸਿਨਮੇ ਦੀ ਨਬਜ਼ ਨੂੰ ਟੋਹ ਕੇ ਵਿਚਾਰ ਚਰਚਾ ਕੀਤੀ।ਵਪਾਰਕ ਨਜ਼ਰੀਏ ਤੋਂ ਵੇਖਦਿਆਂ ਇੰਨ੍ਹਾਂ ਨੇ ਚੰਗੇ ਲੇਖਕਾਂ, ਨਿਰਦੇਸ਼ਕਾਂ, ਕਲਾਕਾਰਾਂ ਅਤੇ ਤਕਨੀਕੀ ਮਾਹਿਰਾਂ ਦਾ ਸਹਾਰਾ ਲੈ ਕੇ ਇੱਕ ਸਫ਼ਲ ਤੇ ਮੇਹਨਤੀ ਟੀਮ ਦਾ ਗਠਨ ਕੀਤਾ।
ਅੱਜ ਅਤੁੱਲ ਭੱਲਾ ਤੇ ਅਮਿਤ ਭੱਲਾ ਪੰਜਾਬੀ ਸਿਨਮੇ ਲਈ ਪੂਰੀ ਤਰ੍ਹਾਂ ਸਰਗਰਮ ਹਨ।ਇੰਨ੍ਹੀ ਦਿਨੀਂ ਇਸ ਪ੍ਰੋਡਕਸ਼ਨ ਹਾਊਸ ਵਲੋਂ ਬੀਨੂੰ ਢਿੱਲੋਂ ਤੇ ਮੈਂਡੀ ਤੱਖਰ ਦੀ ਜੋੜੀ ਨੂੰ ਲੈ ਕੇ ਕਾਮੇਡੀ ਫ਼ਿਲਮ `ਬੈਂਡ ਬਾਜੇ` ਅੱਜ ਰਿਲੀਜ਼ ਹੋਈ ਹੈ।ਸਮੀਪ ਕੰਗ ਵਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਦਾ ਵਿਸ਼ਾ ਵਿਆਹ ਲਈ ਸੰਸਕਾਰੀ ਖਾਨਦਾਨ ਦੀ ਕੁੜੀ ਦੀ ਭਾਲ ਵਿੱਚ ਕਾਮੇਡੀ ਅਧਾਰਤ ਕਹਾਣੀ ਹੈ।ਇਸ ਫ਼ਿਲਮ ਵਿੱਚ ਬੀਨੂੰ ਢਿੱਲੋਂ, ਮੈਂਡੀ ਤੱਖਰ, ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਨੇ ਅਹਿਮ ਕਿਰਦਾਰ ਨਿਭਾਏ ਹਨ।ਇਸ ਫ਼ਿਲਮ ਤੋਂ ਬਾਅਦ ਬਹੁਤ ਹੀ ਜਲਦ ਇਸੇ ਬੈਨਰ ਟੀਮ ਦੀ ਇੱਕ ਹੋਰ ਫ਼ਿਲਮ `ਛੜਾ` ਵੀ ਰਲੀਜ਼ ਲਈ ਤਿਆਰ ਹੈ।ਇਸ ਫ਼ਿਲਮ ਵਿੱਚ ਦਲਜੀਤ ਦੁਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਮੁੱਖ ਭੂਮਿਕਾ `ਚ ਨਜ਼ਰ ਆਉਣਗੇ।ਏ ਐਂਡ ਏ ਅਡਵਾਇਜ਼ਰ `ਤੇ ਬਰੇਟ ਫਿਲਮਜ਼ ਦੇ ਬੈਨਰ ਦੀ ਇਸ ਫ਼ਿਲਮ ਦੇ ਨਿਰਮਾਤਾ ਅਤੁੱਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ ਹੋਣਗੇ।ਨੌਜਵਾਨ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਦੇ ਨਿਰਦੇਸ਼ਨ ਹੇਠ ਬਨਣ ਜਾ ਰਹੀ ਇਹ ਫ਼ਿਲਮ ਜਲਦ ਹੀ ਵੱਡੇ ਪਰਦੇ `ਤੇ ਦਸਤਕ ਦੇਵੇਗੀ।
ਚੰਗੇ ਨਿਰਮਾਤਾਵਾਂ ਸਹਾਰੇ ਜੇ ਅੱਜ ਪੰਜਾਬੀ ਸਿਨਮਾ ਨਰੋਏ ਕਦਮ ਪੁੱਟਦਾ ਹੋਇਆ ਅੱਗੇ ਵਧ ਰਿਹਾ ਹੈ ਤਾਂ ਉਹ ਅਮਿਤ ਭੱਲਾ ਤੇ ਅਤੁੱਲ ਭੱਲਾ ਜਿਹੇ ਮੇਹਨਤੀ, ਕਲਾ ਦੇ ਕਦਰਦਾਨ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਖਸ਼ਾਂ ਕਰਕੇ ਹੀ ਹੈ।
ਜ਼ਿਕਰਯੋਗ ਹੈ ਕਿ ਭਵਿੱਖ ਵਿੱਚ ਇਹ ਜੋੜੀ ਪੰਜਾਬੀ ਸਿਨਮੇ ਲਈ ਕਈ ਹੋਰ ਵੱਡੀਆਂ ਫ਼ਿਲਮਾਂ ਦਾ ਵੀ ਨਿਰਮਾਣ ਕਰ ਰਹੀ ਹੈ।ਪ੍ਰਮਾਤਮਾ ਇਸ ਜੋੜੀ ਨੂੰ ਹਮੇਸਾਂ ਹਿੰਮਤ ਬਖਸ਼ੇ।
ਹਰਜਿੰਦਰ ਸਿੰਘ ਜਵੰਦਾ
ਪਟਿਆਲਾ
ਮੋ – 94638 28000