ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਵੱਲੋਂ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ’ਚ ਪੈਂਦੇ ਗੁਰਦੁਆਰਾ ਕੋੜ੍ਹੀਵਾਲਾ ਘਾਟ ਤ੍ਰਿਕੁਨੀਆ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ।ਗੁਰਮਤਿ ਸਮਾਗਮ ਦੌਰਾਨ ਬਾਬਾ ਬਚਨ ਸਿੰਘ ਤੇ ਬਾਬਾ ਕਾਲਾ ਸਿੰਘ ਕਾਰਸੇਵਾ ਵਾਲਿਆਂ ਨੇ ਭਰਵਾਂ ਸਹਿਯੋਗ ਦਿੱਤਾ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਕੁਹਾੜਕਾ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ, ਜਦਕਿ ਕਥਾਵਾਚਕ ਗਿਆਨੀ ਬਲਦੇਵ ਸਿੰਘ ਪਾਉਂਟਾ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ।ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼ ਭਰ ਵਿਚ ਸਜਾਏ ਜਾ ਰਹੇ ਵੱਖ-ਵੱਖ ਸਮਾਗਮਾਂ ਸਮੇਂ ਭਰਵੇਂ ਸਹਿਯੋਗ ਦੀ ਅਪੀਲ ਕੀਤੀ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਮੇਂ ਸੁਲਤਾਨਪੁਰ ਲੋਧੀ ਵਿਖੇ ਨਵੰਬਰ 2019 ਕਰਵਾਏ ਜਾਣ ਵਾਲੇ ਮੁੱਖ ਸਮਾਗਮਾਂ ਵਿਚ ਪੁੱਜਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਸਮਾਗਮ ਦੀ ਸਫਲਤਾ ਲਈ ਬਾਬਾ ਬਚਨ ਸਿੰਘ ਤੇ ਬਾਬਾ ਕਾਲਾ ਸਿੰਘ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਯੂ.ਪੀ ਸਿੱਖ ਮਿਸ਼ਨ ਹਾਪੜ ਦੇ ਇੰਚਾਰਜ ਭਾਈ ਬ੍ਰਿਜਪਾਲ ਸਿੰਘ, ਉਤਰਾਖੰਡ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਹਰਜਿੰਦਰ ਸਿੰਘ, ਕਵੀਸ਼ਰ ਭਾਈ ਸਤਨਾਮ ਸਿੰਘ, ਪ੍ਰਚਾਰਕ ਭਾਈ ਕਰਮ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਜਸਬੀਰ ਸਿੰਘ ਨੇ ਵੀ ਗੁਰ-ਇਤਿਹਾਸ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।ਅੰਮ੍ਰਿਤ ਸੰਚਾਰ ਦੌਰਾਨ 161 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਮੋਹਨ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਚੰਨਣ ਸਿੰਘ ਪੀਲੀਭੀਤ ਵਾਲੇ, ਬਾਬਾ ਸਿਆਮ ਸਿੰਘ ਰੀਠਾ ਸਾਹਿਬ ਵਾਲੇ, ਬਾਬਾ ਬਲਬੀਰ ਸਿੰਘ ਬੜੂ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media