ਰਾਈਸ ਸ਼ੈਲਰ ਚਲਾ ਰਹੇ ਵਿਅਕਤੀ ਦੀ ਪਤਨੀ ਨੇ ਮਹਿਕਮੇ `ਤੇ ਲਾਏ ਗੰਭੀਰ ਦੋਸ਼
ਧੂਰੀ, 11 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼ੈਲਰ ਉਦਯੋਗ ਵਿੱਚ ਮਹਿਕਮਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਡਿਫਾਲਟਰ ਹੋਏ ਧੂਰੀ ਦੇ ਰਹਿਣ ਵਾਲੇ
ਇੱਕ ਵਿਅਕਤੀ ਸੁਰੇਸ਼ ਕੁਮਾਰ ਦੀ ਧਰਮ ਪਤਨੀ ਨੇ ਆਪਣੇ ਪ੍ਰੇਸ਼ਾਨ ਪਤੀ ਨੂੰ ਬਚਾਉਣ ਲਈ ਆਪਣੀਆਂ ਦੋਵੇਂ ਕਿਡਨੀਆਂ ਵੇਚਣ ਦੀ ਪੇਸ਼ਕਸ਼ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਦਯੋਗਪਤੀ ਸੁਰੇਸ਼ ਕੁਮਾਰ ਦੀ ਧਰਮ ਪਤਨੀ ਸ਼੍ਰੀਮਤੀ ਸ਼ੈਲਾ ਨੇ ਕਿਹਾ ਹੈ ਕਿ ਖੁਰਾਕ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਉਸ ਦੇ ਪਤੀ ਨੂੰ ਨਜ਼ਾਇਜ ਫਸਾਇਆ ਗਿਆ ਹੈ।ਜਦੋਂਕਿ ਅਸਲ ਵਿੱਚ ਉਸ ਦਾ ਪਤੀ ਵਿਭਾਗ ਦੀਆਂ ਨੀਤੀਆਂ ਅਤੇ ਮਹਿਕਮੇ ਵਿੱਚ ਸ਼ਰੇਆਮ ਚੱਲ ਰਹੀ ਰਿਸ਼ਵਤਖੋਰੀ ਦੇ ਕਾਰਨ ਹੀ ਡਿਫਾਲਟਰ ਹੋਇਆ ਹੈ।ਉਸ ਨੇ ਕਿਹਾ ਕਿ ਉਸ ਦਾ ਪਤੀ ਕਰੀਬ 13-14 ਸਾਲ ਤੋਂ ਸ਼ੇਰਪੁਰ ਵਿਖੇ ਇੱਕ ਰਾਈਸ ਸ਼ੈਲਰ ਚਲਾਉਂਦੇ ਆ ਰਹੇ ਸਨ ਅਤੇ ਸਾਲ 2015 ਦੌਰਾਨ ਉਹਨਾਂ ਦੇ ਪਤੀ ਵਿਭਾਗ ਦੀਆਂ 6 ਗੱਡੀਆਂ ਚਾਵਲ ਦੇ ਡਿਫਾਲਟਰ ਹੋ ਗਏ, ਜਿੰਨਾਂ ਦੀ ਅੰਦਾਜਨ ਕੀਮਤ 50 ਲੱਖ ਰੁਪਏ ਦੇ ਕਰੀਬ ਬਣਦੀ ਸੀ। ਉਹਨਾਂ ਦੱਸਿਆ ਕਿ ਉਸ ਦੇ ਪਤੀ ਨੇ ਮਹਿਕਮੇ ਪਾਸੋਂ ਕਰੀਬ 15 ਲੱਖ ਰੁਪਏ ਜੀਰੀ ਮਿਲਿੰਗ ਦੇ ਵੀ ਲੈਣੇ ਸਨ ਅਤੇ ਉਨਾਂ ਨੇ ਮਹਿਕਮੇ ਦੇ ੳੁੱਚ ਅਧਿਕਾਰੀਆਂ ਨੂੰ ਜੀਰੀ ਮਿਲਿੰਗ ਦੇ ਪੈਸੇ ਕੱਟ ਕੇ ਬਕਾਇਆ ਰਾਸ਼ੀ ਭਰਣ ਲਈ ਕਈ ਵਾਰ ਗੁਹਾਰ ਲਗਾਈ ਸੀ, ਪ੍ਰੰਤੂ ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ।ਜਿਸ ਦੇ ਚਲਦਿਆਂ ਉਹ ਮਾਨਸਿਕ ਤਨਾਅ ਵਿੱਚ ਰਹਿਣ ਲੱਗ ਪਏ ਅਤੇ ਘਰ ਦੀ ਆਰਥਿਕ ਹਾਲਤ ਲਗਾਤਾਰ ਵਿਗੜਦੀ ਗਈ।ਉਹਨਾਂ ਦੱਸਿਆ ਕਿ ਵਿਭਾਗ ਨੇ ਉਹਨਾਂ ਦੇ ਰਾਈਸ ਸ਼ੈਲਰ ਦੀ ਮਹਿੰਗੀ ਮਸ਼ੀਨਰੀ ਸਿਰਫ 13 ਲੱਖ ਰੁਪਏ ਵਿੱਚ ਵੇਚ ਦਿੱਤੀ ਅਤੇ ਸ਼ੈਲਰ ਵਿੱਚ ਪਿਆ ਕਰੀਬ 300 ਕੁਇੰਟਲ ਚਾਵਲ ਵੀ ਮਹਿਕਮੇ ਨੇ ਬਕਾਇਆ ਗੱਡੀਆਂ ਵਿੱਚ ਐਡਜਸਟ ਨਾ ਕਰਦਿਆਂ ਕੋਡੀਆਂ ਦੇ ਭਾਅ ਵੇਚ ਦਿੱਤਾ। ਇਸ ਸਭ ਦੇ ਬਾਵਜੂਦ ਵੀ ਮਹਿਕਮਾ ਉਨਾਂ ਕੋਲੋਂ ਕਰੋੜਾਂ ਰੁਪਏ ਮੰਗ ਰਿਹਾ ਹੈ ਜੋ ਉਹ ਭਰਣ ਤੋਂ ਅਸਮਰੱਥ ਹਨ। ਉਹਨਾਂ ਦੱਸਿਆਂ ਕਿ ਮਾੜੇ ਘਰੇਲੂ ਹਾਲਾਤਾਂ ਕਰਕੇ ਬੇਟੇ ਦੀ ਪੜ੍ਹਾਈ ਵੀ ਅੱਧ-ਵਿਚਕਾਰ ਰਹਿ ਗਈ ਹੈ।
ਉਕਤ ਔਰਤ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਤੀ ਦਾ ਬਕਾਇਆ ਪੈਸਾ ਬਿਨਾਂ ਵਿਆਜ ਤੋਂ ਭਰਣ ਲਈ ਚਾਰਾਜ਼ੋਈ ਕਰ ਸਕਦੀ ਹੈ।ਜੇਕਰ ਫਿਰ ਵੀ ਜੇਕਰ ਸਰਕਾਰ ਸੰਤੁਸ਼ਟ ਨਹੀਂ ਹੈ ਤਾਂ ਉਹ ਆਪਣੀਆਂ ਦੋਵੇਂ ਕਿਡਨੀਆਂ ਵੇਚਣ ਲਈ ਵੀ ਤਿਆਰ ਹੈ।ਇਸ ਸਬੰਧੀ ਜਦੋਂ ਜ਼ਿਲਾ੍ਹ ਖੁਰਾਕ ਤੇ ਸਪਲਾਈ ਕੰਟਰੋਲਰ ਮੰਗਲ ਦਾਸ ਨਾਲ ਫੋਨ `ਤੇ ਗੱਲ ਕਰਕੇ ਜਾਣਕਾਰੀ ਲੈਣੀ ਚਾਹੀ ਤਾਂ ਵਾਰ-ਵਾਰ ਫੋਨ ਕਰਨ `ਤੇ ਉਹਨਾਂ ਵੱਲੋਂ ਫੋਨ ਨਾ ਚੁੱਕੇ ਜਾਣ ਕਾਰਨ ਕੋਈ ਸੰਪਰਕ ਨਹੀਂ ਹੋ ਸਕਿਆ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media