ਗਿੱਪੀ ਗਰੇਵਾਲ ਦੀ ਫ਼ਿਲਮ `ਮੰਜੇ ਬਿਸਤਰੇ 2` ਵਿੱਚ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਹੈ।ਇਸ ਤੋਂ ਪਹਿਲਾਂ ਸਿੰਮੀ ਚਾਹਲ ਫ਼ਿਲਮ `ਰੱਬ ਦਾ ਰੇਡੀਓ` ਵਿੱਚ ਇੱਕ ਮਾਸੂਮ ਜਿਹੀ ਪੇਂਡੂ ਕੁੜੀ ਦੇ ਕਿਰਦਾਰ ਨਾਲ ਵਾਹ ਵਾਹ ਖੱਟ ਚੁੱਕੀ ਹੈ ਜਦਕਿ ਇਹ ਫ਼ਿਲਮ ਉਸ ਦੇ ਪਹਿਲੇ ਕਿਰਦਾਰਾਂ ਤੋਂ ਬਹੁਤ ਹਟ ਕੇ ਵਿਦੇਸ਼ੀ ਲਹਿਜ਼ੇ ਵਾਲਾ ਹੋਵੇਗਾ।ਉਹ ਕਨੇਡੀਅਨ ਪੰਜਾਬੀ ਪਰਿਵਾਰ ਦੀ ਕੁੜੀ ਹੈ।ਉਸ ਨੂੰ ਇਸ ਫ਼ਿਲਮ ਵਿਚਲੇ ਆਪਣੇ ਕਿਰਦਾਰ ਤੋਂ ਬਹੁਤ ਆਸਾਂ ਹਨ ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ।ਟੀਜ਼ਰ ਵਿੱਚ ਸਿੰਮੀ ਚਾਹਲ ਗਿੱਪੀ ਗਰੇਵਾਲ ਨਾਲ ਫੋਰਡ ਟਰੈਕਟਰ `ਤੇ ਬੈਠੀ ਨਜ਼ਰ ਆਈ ਹੈ।ਇਸ ਜੋੜੀ ਦਾ ਫ਼ਿਲਮ ਵਿਚਲਾ ਇੱਕ ਦੋਗਾਣਾ `ਕਰੰਟ` ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।ਦਰਸ਼ਕਾਂ ਵਿੱਚ ਵੀ ਸਿੰਮੀ ਗਿੱਪੀ ਦੀ ਰੁਮਾਂਟਿਕ ਜੋੜੀ ਦੇ ਚਰਚੇ ਹੋ ਰਹੇ ਹਨ।
ਸਾਲ 2017 ਦੀ ਬਹੁ ਚਰਚਿਤ ਪੰਜਾਬੀ ਫ਼ਿਲਮ `ਮੰਜ਼ੇ ਬਿਸਤਰੇ` ਦੀ ਬੇਮਿਸਾਲ ਕਾਮਯਾਬੀ ਤੋਂ ਬਾਅਦ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਹੁਣ ਹਾਸੇ ਮਜ਼ਾਕ ਅਧਾਰਤ ਨਵੇਂ ਤਜੱਰਬਿਆਂ ਵਾਲੀ ਫ਼ਿਲਮ `ਮੰਜੇ ਬਿਸਤਰੇ 2` ਲੈ ਕੇ ਆ ਰਿਹਾ ਹੈ। ਪੰਜਾਬ ਵਿਚੋਂ ਮੰਜੇ ਬਿਸਤਰੇ ਇਕੱਠੇ ਕਰਨਾ ਆਮ ਗੱਲ ਹੈ, ਪਰ ਇਸ ਵਾਰ ਫ਼ਿਲਮ ਦੇ ਕਲਾਕਾਰਾਂ ਨੇ ਪੰਜਾਬ ਦੀ ਬਜਾਏ ਕਾਨੇਡਾ ਜਾ ਕੇ ਮੰਜੇ ਬਿਸਤਰੇ ਇਕੱਠੇ ਕੀਤੇ ਹਨ। ਪਿਸ਼ੌਰੇ ਮਾਸੜ ਦਾ ਨਾਂ ਲੈ ਕੇ ਗੋਰੇ ਗੁਆਂਢੀਆਂ ਦੇ ਘਰੇ ਮੰਜੇ ਬਿਸਤਰੇ ਲੈਣ ਜਾਣਾ ਫ਼ਿਲਮ ਦਾ ਮਨੋਰੰਜਨ ਭਰਪੂਰ ਕਾਮੇਡੀ ਪੱਖ ਹੈ।ਜਿਵੇਂ ਕਿ ਟੀਜ਼ਰ ਵਿੱਚ ਵਿਖਾਇਆ ਹੈ ਕਿ ਗਿੱਪੀ ਗਰੇਵਾਲ ਤੇ ਸਾਥੀ ਫੋਰਡ ਟਰੈਕਟਰ ਨਾਲ ਟਰਾਲੀ ਜੋੜ ਕੇ ਕਾਨੇਡੀਅਨ ਪੰਜਾਬੀਆਂ ਦੇ ਘਰਾਂ `ਚੋਂ ਮੰਜੇ ਬਿਸਤਰੇ ਇੱਕਠੇ ਕਰਦੇ ਕਰਦੇ ਅੰਗਰੇਜਣ ਗੁਆਂਢਣਾਂ ਦੇ ਘਰ ਵੀ ਚਲੇ ਜਾਂਦੇ ਹਨ ਜਿੱਥੇ ਪੰਜਾਬੀ ਅੰਗਰੇਜ਼ੀ ਦੀ ਮਿਕਸਿੰਗ ਮਨੋਰੰਜਨ ਭਰੀ ਕਾਮੇਡੀ ਮਾਹੌਲ ਸਿਰਜਦੀ ਹੈ।ਫ਼ਿਲਮ ਦੇ ਵਿਆਹ ਸਮਾਗਮ ਵਿੱਚ ਪੰਜਾਬੀਆਂ ਵਲੋਂ ਲਾਈਆਂ ਰੌਣਕਾਂ ਗੋਰਿਆਂ ਨੂੰ ਵੀ ਨੱਚਣ ਲਈ ਮਜਬੂਰ ਕਰਦੀਆਂ ਹਨ।ਦੂਜੀ ਗੱਲ ਕਿ ਕਾਮੇਡੀ ਦੇ ਨਾਲ ਨਾਲ ਫ਼ਿਲਮ ਦਾ ਰੁਮਾਂਟਿਕ ਟਰੈਕ ਵੀ ਦਰਸਕਾਂ ਨੂੰ ਪ੍ਰਭਾਵਿਤ ਕਰੇਗਾ।
ਹਰਜਿੰਦਰ ਜਵੰਦਾ
ਪਟਿਆਲਾ।
ਮੋ – 94638 28000