Wednesday, March 4, 2026

ਕਾਂਗਰਸ ਸਰਕਾਰ ਬਨਣ ਤੇ ਹਰ ਗਰੀਬ ਦੇ ਖਾਤੇ `ਚ 72 ਹਜਾਰ ਸਲਾਨਾ ਮਿਲਣਗੇ – ਔਜਲਾ

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅਟਾਰੀ ਦੇ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ.ਸੀ ਦੀ ਅਗਵਾਈ ਹੇਠ ਲੋਕ PUNJ0805201903ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ `ਚ ਮਾਨਾਂਵਾਲਾ ਵਿਖੇ ਇਕ ਪ੍ਰਭਾਵਸ਼ਾਲੀ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ `ਚ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ।
              ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਤੲਰਸੇਮ ਸਿੰਘ ਡੀ.ਸੀ ਨੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਜਿੱਤ ਲਈ ਦਿਨ ਰਾਤ ਡਟਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠਲੀ ਸਰਕਾਰ ਦੇ ਰਾਜਕਾਲ  ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 113 ਵਾਰ ਬੇਅਦਬੀ ਦੇ ਮਾਮਲੇ ਸਾਹਮਣੇ ਆਏ, ਪਰ ਦੁੱਖ ਦੀ ਗੱਲ ਇਹ ਰਹੀ ਕਿ ਪੰਥਕ ਮੁਖੌਟਾ ਪਾਈ ਬੈਠੇ ਅਕਾਲੀ ਆਗੂਆਂ ਨੇ ਇਕ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਉਲਟਾ ਸ਼ਾਂਤਮਈ ਢੰਗ ਨਾਲ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਨਿਹੱਥੇ ਸਿੱਖਾਂ ਤੇ ਗੋਲੀਆਂ ਚਲਾ ਕੇ ਦੋ ਸਿੱਖ ਨੌਜੁਆਨਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਪੰਜਾਬ ਵਾਸੀ ਵਿਧਾਨ ਸਭਾ ਚੋਣਾਂ ਵਾਂਗ ਇਨ੍ਹਾਂ ਚੋਣਾਂ ਵਿੱਚ ਵੀ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਬੇਰੰਗ ਚਿੱਠੀਆਂ ਵਾਂਗ ਵਾਪਿਸ ਘਰਾਂ ਨੂੰ ਭੇਜਣਗੇ।
                  ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ 2014 ਦੀਆਂ ਚੋਣਾਂ ਵਿੱਚ ਭਾਜਪਾ ਵਲੋਂ ਕੀਤੇ ਚੋਣ ਵਾਅਦਿਆਂ ਵਿੱਚੋਂ 125 ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਕੇਂਦਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਨਣ `ਤੇ ਹਰ ਗਰੀਬ ਪਰਿਵਾਰ ਦੇ ਖਾਤੇ ਵਿੱਚ 72 ਹਜਾਰ ਰੁਪਏ ਸਲਾਨਾ ਪਾਏ ਜਾਣਗੇ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਗੁਰੂ ਦੇ ਲੰਗਰਾਂ ਤੇ ਜੀ.ਐਸ.ਟੀ ਟੈਕਸ ਦੇ ਰੂਪ ਵਿੱਚ ਜਜੀਆ ਟੈਕਸ ਲਗਾਇਆ ਗਿਆ ਜਿਸ ਲਈ ਭਾਜਪਾ ਉਮੀਦਵਾਰ ਸਮੇਤ ਭਾਜਪਾ ਦੇ ਸੂਬਾ ਪ੍ਰਧਾਨ (ਦੋਵੇਂ ਰਾਜ ਸਭਾ ਮੈਂਬਰ) ਅਤੇ ਅਕਾਲੀ ਦਲ ਦੇ ਸੰਸਦ ਮੈਂਬਰਾਂ ਵਲੋਂ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ ਤੇ ਇਸ ਮਸਲੇ `ਤੇ ਆਪਣਾ ਮੂੰਹ ਬੰਦ ਰੱਖਿਆ ਜਦਕਿ ਉਨ੍ਹਾਂ ਵਲੋਂ ਇਕ ਹਫਤਾ ਆਪਣੇ ਸਰੀਰ ਤੇ ਬੈਨਰ ਬੰਨ ਕੇ ਸੰਸਦ ਦੇ ਅੰਦਰ ਤੇ ਬਾਹਰ ਵਿਰੋਧ ਦਰਸਾ ਕੇ ਲੰਗਰ ਤੋਂ ਟੈਕਸ ਹਟਵਾਇਆ ਗਿਆ।
                  ਇਸ ਸਮੇਂ ਰਮਿੰਦਰ ਸਿੰਘ ਰੰਮੀ, ਅਮਰ ਔਜਲਾ, ਜਗਦੀਸ਼ ਸਿੰਘ ਬੱਲ, ਮਨੋਜ ਕੁਮਾਰ ਮਹਿਲਾਂਵਾਲਾ, ਅਵਤਾਰ ਸਿੰਘ ਗਿੱਲ, ਸਰਪੰਚ ਸੁਖਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply