ਭੀਖੀ/ਮਾਨਸਾ, 17 ਮਈ (ਪੰਜਾਬ ਪੋਸਟ – ਕਮਲ ਕਾਂਤ) – ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਦੀ ਅਗਵਾਈ ਵਿਚ ਰਾਸ਼ਟਰੀ ਡੇਂਗੂ ਦਿਵਸ `ਤੇੇ ਜ਼ਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਕੀਤਾ ਗਿਆ।
ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖ਼ਾਰ ਹੈ ਜੋ ਕਿ ਮੱਛਰ ਦੇ ਕੱਟਣ ਨਾਲ ਹੁੰਦਾ ਹੈ।ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ, ਪਾਣੀ ਦੇ ਬਰਤਨ ਅਤੇ ਟੈਂਕੀਆਂ ਚੰਗੀ ਤਰਾਂ ਸਾਫ਼ ਅਤੇ ਢਕ ਕੇ ਰੱਖੋ। ਹਫ਼ਤੇ ਵਿਚ ਇਕ ਵਾਰ ਆਪਣੇ ਕੂਲਰਾਂ ਨੂੰ ਖਾਲੀ ਕਰਕੇ ਸਾਫ਼ ਜ਼ਰੂਰ ਕਰੋ।ਉਨ੍ਹਾਂ ਦੱਸਿਆ ਕਿ ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਇਸ ਤੋਂ ਬਚਣ ਲਈ ਸਾਨੂੰ ਸਭ ਨੂੰ ਪੂਰਾ ਸਰੀਰ ਢਕਣ ਵਾਲੇ ਕੱੱਪੜੇ ਪਹਿਨਣੇ ਚਾਹੀਦੇ ਹਨ
ਸਹਾਇਕ ਸਿਵਲ ਸਰਜਨ ਸੁਰਿੰਦਰ ਸਿੰਘ ਨੇ ਅਪੀਲ ਕੀਤੀ ਕਿ ਸਕੂਲ ਪ੍ਰਾਰਥਨਾ ਵਿਚ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ।ਇਸ ਸੈਮੀਨਾਰ ਵਿਚ ਜ਼ਿਲ੍ਹਾ ਐਪੀਡੀਮਾਲੋਜਿਸਟ ਸੰਤੋਸ਼ ਕੁਮਾਰ ਭਾਰਤੀ, ਸਹਾਇਕ ਯੂਨਿਟ ਅਫ਼ਸਰ ਦਰਸ਼ਨ ਸਿੰਘ ਭੰਮੇ, ਸਿਹਤ ਸੁਪਰਵਾਈਜ਼ਰ ਰਾਮ ਕੁਮਾਰ ਦੁਆਰਾ ਮਲੇਰੀਆ, ਡੇਂਗੂ ਬੁਖ਼ਾਰ ਅਤੇ ਬਰਸਾਤਾਂ ਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਹਰ ਸ਼ੁਕਰਵਾਰ ਡਰਾਈ ਡੇਅ ਮਨਾਉਣ ਦੇ ਮੰਤਵ ਨਾਲ ਇਸ ਦਿਨ ਕੂਲਰਾਂ ਅਤੇ ਹੋਰ ਪਾਣੀ ਦੇ ਕੰਟੇਨਰਾਂ ਨੂੰ ਸੁੱਕਾ ਰੱਖਣ ਲਈ ਵੀ ਜਾਗਰੂਕ ਕੀਤਾ ਗਿਆ। ਕ੍ਰਿਸ਼ਨ ਕੁਮਾਰ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ 58 ਘਰਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਇਕ ਘਰ ਵਿਚ ਮੱਛਰ ਦਾ ਲਾਰਵਾ ਮਿਲਿਆ ਜਿਸ ਦੀ ਸੂਚਨਾਂ ਮਿਊਂਸਪਲ ਕਮੇਟੀ ਨੂੰ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਅੱਜ ਤੱਕ ਸ਼ਹਿਰ ਮਾਨਸਾ ਵਿਚ 26 ਘਰਾਂ ਵਿਚ ਮੱਛਰ ਦਾ ਲਾਰਵਾ ਮਿਲ ਚੁੱਕਾ ਹੈ।ਤਿੰਨ ਪਿੰਡਾਂ ਵਿਚ ਗਮਬੂਜੀਆਂ ਮੱਛੀਆਂ ਵੀ ਛੱਡੀਆਂ ਗਈਆਂ ਜਿਹੜੀਆਂ ਕਿ ਮੱਛਰ ਦਾ ਲਾਰਵਾ ਖਾਂਦੀਆਂ ਹਨ।
ਹੈਲਥ ਸੁਪਰਵਾਈਜ਼ਰ ਅਸ਼ਵਨੀ ਕੁਮਾਰ ਅਤੇ ਹੈਲਥ ਵਰਕਰ ਸੰਜੀਵ ਕੁਮਾਰ ਦੁਆਰਾ ਪੋਸਟਰ ਅਤੇ ਕੁਇੱਜ ਸਬੰਧੀ ਮੁਕਾਬਲੇ ਕਰਵਾਏ ਗਏ।ਇਸ ਵਿਚ ਪ੍ਰਿਆ ਸਿੰਗਲਾ ਨੇ ਪਹਿਲਾ ਸਥਾਨ, ਕਿੰਜਲ ਸਿੰਗਲਾ ਨੇ ਦੂਸਰਾ ਅਤੇ ਵਿਸ਼ਵਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਅਮਨ ਕੁਮਾਰ ਵਲੋਂ ਟੀਮ ਦਾ ਧੰਨਵਾਦ ਕੀਤਾ ਗਿਆ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media