ਅਮ੍ਰਿਤਸਰ, 18 ਮਈ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈਸ ਕਾਨਫਰੰਸ ਦੌਰਾਨ
ਪੱਤਰਕਾਰਾਂ ਦੇ ਰੂਬਰੂ ਕੀਤੇ ਗਏ ਕਾਂਗਰਸ ਦੇ ਸਰਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਪਿੰਡ ਸੈਦੇ ਕੇ ਰੋਹੇਲਾ ਤੋਂ ਉਨਾਂ ਦੇ ਨਜਦੀਕੀ ਅਤੇ ਬਚਪਨ ਦੇ ਸਾਥੀ ਭਾਈ ਗੁਰਨਾਮ ਸਿੰਘ ਅਤੇ ਸਰਪੰਚ ਸਵਰਨ ਸਿੰਘ ਨੇ ਬਰਗਾੜੀ ਮੋਰਚੇ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਉਹ ਜ਼ਮੀਰ ਦੀ ਅਵਾਜ਼ ਸੁਣ ਕੇ ਬਰਗਾੜੀ ਮੋਰਚੇ ਵਾਲਿਆਂ ਦਾ ਸਾਥ ਛੱਡ ਕੇ ਆਏ ਹਨ।ਉਹਨਾਂ ਕਿਹਾ ਕਿ ਭਾਈ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਕਾਂਗਰਸ ਦੀ ਫੰਡਿੰਗ ਨਾਲ ਰਾਜ ਵਿਚ ਸਹਿਮ ਅਤੇ ਭੈਅ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ’ਚ ਹਨ। ਦੋਹਾਂ ਨੇ ਹੀ ਪੰਥ ਦੀ ਸੇਵਾ ਘੱਟ ਪਰ ਸੰਵੇਦਨਸ਼ੀਲ ਮੁਦਿਆਂ ’ਤੇ ਕਾਂਗਰਸ ਨਾਲ ਮਿਲ ਕੇ ਸਿਆਸਤ ਵੱਧ ਕੀਤੀ ਹੈ। ਰਲ ਕੇ ਖੇਡਣ ਦੀ ਵਜ਼ਾ ਕਾਰਨ ਬਰਗਾੜੀ ਮੋਰਚੇ ਨੂੰ ਕਾਂਗਰਸੀ ਆਗੂਆਂ ਵਲੋਂ ਫੰਡਿੰਗ ਤੋਂ ਇਲਾਵਾ ਪੂਰਾ ਸਹਿਯੋਗ ਰਿਹਾ, ਇਥੋਂ ਤਕ ਕਿ ਮੋਰਚਾ ਲਵਾਇਆ ਵੀ ਕਾਂਗਰਸ ਨੇ ਤੇ ਚੁੱਕਵਾਇਆ ਵੀ ਕਾਂਗਰਸ ਨੇ ਹੀ ਹੈ। ਵਿਦੇਸ਼ਾਂ ਤੋਂ ਆਏ ਪੈਸਿਆਂ ਦਾ ਹਿਸਾਬ ਕਿਤਾਬ ਮੰਡ ਅਤੇ ਦਾਦੂਵਾਲ ’ਚ ਝਗੜੇ ਦੀ ਇਕ ਵਜਾ ਰਿਹਾ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਅਤੇ ਪੰਥ ਪੰਜਾਬ ਦੇ ਹਿਤੈਸ਼ੀ ਹਨ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੇਅਦਬੀਆਂ ਦੇ ਦੋਸ਼ੀਆਂ ਪ੍ਰਤੀ ਕੀਤੀ ਗਈ ਟਿੱਪਣੀ ਤੋਂ ਬਹੁਤ ਪ੍ਰਭਾਵਿਤ ਹਨ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਭਾਈਚਾਰਕ ਸਾਂਝ ਪ੍ਰਤੀ ਖਤਰਾ ਪੈਦਾ ਕਰਦਿਆਂ ਕਾਲੇ ਦਿਨਾਂ ਦੀ ਵਾਪਸੀ ਦੀ ਕੋਸ਼ਿਸ਼ ਨੂੰ ਪੰਜਾਬ ਦੇ ਅਮਨ ਪਸੰਦ ਲੋਕ ਅਤੇ ਅਕਾਲੀ ਦਲ ਸਫਲ ਨਹੀਂ ਹੋਣ ਦੇਵਾਗਾ ਭਾਵੇਂ ਉਸ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ। ਉਹਨਾਂ ਜੋਰ ਦੇ ਕੇ ਕਿਹਾ ਕਿ ’ਸਰਕਾਰੀ ਬਾਬੇ’ ਧਿਆਨ ਸਿੰਘ ਮੰਡ ਅਤੇ ਦਾਦੂਵਾਲ ਦੀਆਂ ਤਾਰਾਂ ਗਾਂਧੀ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ। ਜੁਬਾਨ ’ਤੇ ਪੰਥ ਦੀ ਗੱਲ ਪਰ ਦਿਲੋਂ ਰਾਹੁਲ ਗਾਂਧੀ ਦੇ ਹਮਦਰਦ ਤੇ ਪਿਠੂ ਅੱਜ ਸੰਗਤ ਦੀ ਕਚਹਿਰੀ ’ਚ ਬੇਨਕਾਬ ਹੋ ਰਹੇ ਹਨ। ਕਾਂਗਰਸ ਅਤੇ ਉਸ ਦੇ ਪਿਠੂ ’ਸਰਕਾਰੀ ਬਾਬੇ’ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਦਿਆਂ ਨੀਵੇਂ ਪੱਧਰ ਦੀ ਸਿਆਸਤ ਕਰ ਰਹੇ ਹਨ। ਅਕਾਲੀ ਦਲ ਖਿਲਾਫ ਇਸ਼ਤਿਹਾਰਬਾਜ਼ੀ ਹੋਵੇ ਜਾਂ ਅਕਾਲੀ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਉਣੀਆਂ ਹੋਣ ਖਰਚਾ ’ਪੇਮੈਂਟ’ ਕਾਂਗਰਸ ਵਲੋਂ ਕੀਤੀ ਜਾਂਦੀ ਹੈ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਸ਼ਬਦ ਗੁਰੂ ਦੀ ਸਹੁੰ ਖਾ ਕੇ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ।ਉਹਨਾਂ ਸਰਕਾਰੀ ਬਾਬਿਆਂ ਦੀ ਸਚਾਈ ਸਾਹਮਣੇ ਲਿਆਉਣ ਲਈ ਭਾਈ ਗੁਰਨਾਮ ਸਿੰਘ ਅਤੇ ਸਰਪੰਚ ਸਵਰਨ ਸਿੰਘ ਸੈਦੇ ਕੇ ਰੋਹੇਲਾ ਤੇ ਸਾਥੀਆਂ ਨੂੰ ਸਨਮਾਨਿਤ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media