Sunday, April 5, 2026

ਡਿਪਟੀ ਕਮਿਸ਼ਨਰ ਨੇ ਵੋਟਾਂ ਦੀ ਗਿਣਤੀ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਤਿੰਨ ਵੱਖ-ਵੱਖ ਕੇਂਦਰਾਂ `ਚ ਸਟੋਰ ਈ.ਵੀ.ਐਮ ਮਸ਼ੀਨਾਂ
ਭੀਖੀ, 21 ਮਈ (ਪੰਜਾਬ ਪੋਸਟ – ਕਮਲ ਕਾਂਤ) – 19 ਮਈ ਨੂੰ ਮੁਕੰਮਲ ਹੋ ਚੁਕੀਆਂ ਲੋਕ ਸਭਾ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ Apneet Riatਸ਼ੁਰੂ ਕੀਤੀ ਜਾਵੇਗੀ।ਇਸ ਸਬੰਧੀ ਸਾਰੇ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਨੇ ਦੱਸਿਆ ਕਿ ਈ.ਵੀ.ਐਮ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਤਿੰਨ ਕੇਂਦਰਾਂ ਵਿਚ ਸਟੋਰ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮਾਨਸਾ ਦਾ ਗਿਣਤੀ ਕੇਂਦਰ ਮਲਟੀਪਰਪਜ਼ ਹਾਲ ਵਿਖੇ, ਬੁਢਲਾਡਾ ਦਾ ਗਿਣਤੀ ਕੇਂਦਰ ਲਾਇਬ੍ਰੇਰੀ ਵਿਚ ਅਤੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦਾ ਗਿਣਤੀ ਕੇਂਦਰ ਸਪੋਰਟਸ ਬਿਲਡਿੰਗ ਵਿਚ ਬਣਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਹਰ ਕੇਂਦਰ ਵਿਚ 42 ਟੇਬਲ ਲਗਾਏ ਗਏ ਹਨ, ਇਸ ਤੋਂ ਇਲਾਵਾ 135 ਟੇਬਲ ਸਟਾਫ਼ ਅਤੇ 20 ਪ੍ਰਤੀਸ਼ਤ ਰਿਜਰਵ ਸਟਾਫ਼ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਨਤੀਜਿਆਂ ਨੂੰ ਵੇਖਣ ਲਈ ਲੋਕਾਂ ਦੀ ਸੁਵਿਧਾ ਵਾਸਤੇ ਸ਼ਹਿਰ ਦੇ ਗੁਰਦੁਆਰਾ ਚੌਂਕ ਵਿਚ ਇਕ ਸਕਰੀਨ ਵੀ ਲਗਾਈ ਜਾਵੇਗੀ, ਜਿੱਥੇ ਆਮ ਲੋਕ ਚੋਣ ਨਤੀਜਿਆਂ ਨੂੰ ਵੇਖ ਸਕਣਗੇ।
          ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਅਮਲੇ ਦੀ ਐਂਟਰੀ ਨਹਿਰੂ ਮੈਮੋਰੀਅਲ ਕਾਲਜ ਦੇ ਮੁੱਖ ਗੇਟ ਰਾਹੀਂ ਅਤੇ ਬਾਕੀ ਐਂਟਰੀ ਪਿਛਲੇ ਗੇਟ ਰਾਹੀਂ ਹੀ ਹੋਵੇਗੀ।ਉਨ੍ਹਾਂ ਦੱਸਿਆ ਕਿ ਚੋਣ ਅਮਲੇ ਦਾ ਸਟੇਸ਼ਨਰੀ ਅਤੇ ਹੋਰ ਲੋੜੀਂਦੇ ਸਮਾਨ ਦੇ ਸੈਟ ਬਣਾ ਕੇ ਰੱਖੇ ਜਾ ਚੁੱਕੇ ਹਨ, ਕਿਸੇ ਵੀ ਤਰ੍ਹਾਂ ਦਾ ਖਾਣਪੀਣ ਦਾ ਸਮਾਨ ਕਾਊਂਟਿੰਗ ਸੈਂਟਰ ਦੇ ਅੰਦਰ ਨਹੀਂ ਲਿਜਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਡਿਊਟੀ ਨਿਭਾਉਣ ਵਾਲੇ ਅਧਿਕਾਰੀ ਤੇ ਕਰਮਚਾਰੀ ਆਪਣੇ ਐਂਟਰੀ ਪਾਸ ਨਾਲ ਲੈ ਕੇ ਆਉਣ।
            ਸੁਰੱਖਿਆ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਤਿੰਨ ਪੱਧਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਜਿਸ ਵਿਚ ਸੀ.ਆਰ.ਪੀ.ਐਫ, ਪੰਜਾਬ ਪੁਲਿਸ ਅਤੇ 70 ਪੀ.ਏ.ਪੀ ਦੇ ਜਵਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮ 24 ਘੰਟੇ ਸਖ਼ਤ ਸੁਰੱਖਿਆ ਅਤੇ ਸੀ.ਸੀ.ਟੀ.ਵੀ ਦੀ ਨਿਗਰਾਨੀ ਹੇਠ ਹਨ।ਉਨ੍ਹਾਂ ਕਿਹਾ ਕਿ ਕਾਊਂਟਿੰਗ ਏਜੰਟ, ਸਿਆਸੀ ਏਜੰਟ ਅਤੇ ਪੁਲਿਸ ਸਟਾਫ਼ ਲਈ ਅਲੱਗ-ਅਲੱਗ ਐਂਟਰੀ ਦਾ ਪ੍ਰਬੰਧ ਕੀਤਾ ਗਿਆ ਹੈ।
            ਐਸ.ਐਸ.ਪੀ. ਨੇ ਦੱਸਿਆ ਕਿ ਗਿਣਤੀ ਕੇਂਦਰ ਅੰਦਰ ਕਿਸੇ ਨੂੰ ਵੀ ਮੋਬਾਇਲ ਫੋਨ ਲਿਆਉਣ ਦੀ ਆਗਿਆ ਨਹੀਂ ਹੋਵੇਗੀ ਅਤੇ ਬਿਨਾ ਤਲਾਸ਼ੀ ਕੋਈ ਵੀ ਅੰਦਰ ਨਹੀਂ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿ਼ਕਾਇਤ ਨੰਬਰ 1950 ਲਗਾਤਾਰ ਚਾਲੂ ਰਹੇਗਾ।ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਸਮੂਹ ਅਧਿਕਾਰੀਆਂ ਸਮੇਤ ਕਾਊਂਟਿੰਗ ਸੈਂਟਰ ਦਾ ਦੌਰਾ ਕੀਤਾ ਅਤੇ ਸਟਰਾਂਗ ਰੂਮ ਵਿਚ ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ।
            ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਆਦਿੱਤਯ ਢਚਵਾਲ, ਐਸ.ਡੀ.ਐਮ ਸਰਦੂਲਗੜ੍ਹ ਲਤੀਫ਼ ਅਹਿਮਦ, ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ, ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਸਿ਼ਸ਼ਟ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਬੀਰ ਮਾਨ, ਚੋਣ ਤਹਿਸੀਲਦਾਰ ਗੁਰਚਰਨ ਸਿੰਘ, ਜਿ਼ਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਐਸ.ਐਚ.ਓ ਥਾਣਾ ਸਿਟੀ-2 ਸਰਬਜੀਤ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

 

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply