Sunday, December 22, 2024

ਸੰਤ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ

 Baba Nidhan singh Ji   ਸੰਤ ਅਤਰ ਸਿੰਘ ਮਸਤੂਆਣਾ, ਬਾਬਾ ਈਸ਼ਰ ਸਿੰਘ ਨਾਨਕਸਰ ਅਤੇ ਬਾਬਾ ਨੰਦ ਸਿੰਘ ਕਲੇਰਾਂ ਜਿਹੇ ਸਾਧੂ- ਮਹਾਂਪੁਰਖਾਂ ਵਾਂਗ ਹੀ ਸੰਤ ਬਾਬਾ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਪਰਉਪਕਾਰੀ ਅਤੇ ਪਰ-ਸੁਆਰਥੀ ਬਿਰਤੀ ਬਾਰੇ ਗੁਰਮੁੱਖ-ਜਨਾਂ ਨੂੰ ਭਲੀ-ਭਾਂਤ ਪਤਾ ਹੈ।
   ਜਿਨ੍ਹਾਂ ਲੋਕਾਂ ਨੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਨੂੰ ਗੁਰਦੁਆਰਾ ਲੰਗਰ ਸਾਹਿਬ ਅਤੇ ਇਸ ਦੇ ਸੰਚਾਲਕ ਸੰਤ ਬਾਬਾ ਨਿਧਾਨ ਸਿੰਘ ਬਾਰੇ ਥੋੜ੍ਹੀ-ਬਹੁਤ ਜਾਣਕਾਰੀ ਜ਼ਰੂਰ ਹੋਵੇਗੀ।ਗੁਰਦੁਆਰਾ ਲੰਗਰ ਸਾਹਿਬ ਨੂੰ ਪ੍ਰਗਟ ਕਰਨ ਪਿੱਛੇ ਸੰਤ ਨਿਧਾਨ ਸਿੰਘ ਦੀ ਅਸੀਮ ਘਾਲਣਾ ਹੈ।
ਉਨ੍ਹਾਂ ਦਾ ਜਨਮ 1882 ਈ. ਨੂੰ ਸ. ਉਤਮ ਸਿੰਘ ਦੇ ਘਰ ਪਿੰਡ ਨਡੌਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਛੋਟੀ ਉਮਰ ਤੋਂ ਹੀ ਭਜਨ-ਬੰਦਗੀ ਵਿੱਚ ਲੀਨ ਰਹਿੰਦੇ ਸਨ ਅਤੇ ਇਕਾਂਤ ਨੂੰ ਵਧੇਰੇ ਪਸੰਦ ਕਰਦੇ ਸਨ।ਅਠਾਰਾਂ ਸਾਲ ਦੀ ਉਮਰ ਵਿੱਚ ਆਪ ਘਰ-ਪਰਿਵਾਰ ਨੂੰ ਤਿਆਗ ਕੇ ਝਾਂਸੀ ਸ਼ਹਿਰ ਜਾ ਕੇ ਫੌਜ ਵਿੱਚ ਭਰਤੀ ਹੋ ਗਏ।ਉਥੇ ਨੌਕਰੀ ਕਰਦਿਆਂ ਵੀ ਆਪ ਸਮਾਧੀ ਵਿੱਚ ਜੁੜੇ ਰਹਿੰਦੇ ਅਤੇ ਡਿਊਟੀ ਦਾ ਖਿਆਲ ਨਾ ਰਹਿੰਦਾ।ਸੋ ਆਪ ਨੇ ਫ਼ੌਜ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਦਸਮੇਸ਼ ਪਿਤਾ ਦੇ ਪਰਲੋਕ-ਗਮਨ ਅਸਥਾਨ ਸ੍ਰੀ ਹਜ਼ੂਰ ਸਾਹਿਬ ਵੱਲ ਚੱਲ ਪਏ।
    ਬਾਬਾ ਨਿਧਾਨ ਸਿੰਘ ਬਹੁਤ ਬਿਖੜੇ ਰਸਤਿਆਂ ਨੂੰ ਪਾਰ ਕਰਦੇ ਹੋਏ, ਰੱਬੀ ਰੰਗਾਂ ਵਿੱਚ ਰੰਗੇ ਸ੍ਰੀ ਹਜ਼ੂਰ ਸਾਹਿਬ ਪਹੁੰਚੇ।ਇਥੇ ਤਖ਼ਤ ਸੱਚਖੰਡ ਵਿਖੇ ਆਪ ਨੇ ਬੜੀ ਨਿਮਰਤਾ ਨਾਲ ਕਈ ਵਰ੍ਹੇ ਸੰਗਤਾਂ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕੀਤੀ।ਕਈ ਮਨਮੁੱਖ ਇਨ੍ਹਾਂ ਨਾਲ ਅੰਦਰੋਂ-ਅੰਦਰੀ ਈਰਖਾ ਕਰਨ ਲੱਗ ਪਏ, ਆਪ ਨੂੰ ਮੰਦੇ ਬੋਲ ਵੀ ਆਖੇ ਅਤੇ ਧੱਕੇ ਵੀ ਮਾਰੇ।ਬਾਬਾ ਜੀ ਨੇ ਇਨ੍ਹਾਂ ਲੋਕਾਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਪੰਜਾਬ ਵਾਪਸ ਪਰਤਣ ਦੀ ਤਿਆਰੀ ਕਰ ਲਈ।
    ਕਿਹਾ ਜਾਂਦਾ ਹੈ ਕਿ ਰਾਤ ਵੇਲੇ ਉਹ ਸਟੇਸ਼ਨ `ਤੇ ਪਹੁੰਚ ਕੇ ਗੱਡੀ ਦੀ ਉਡੀਕ ਕਰ ਰਹੇ ਸਨ ਕਿ ਉਡੀਕ ਵਿੱਚ ਹੀ ਉਨ੍ਹਾਂ ਦੀ ਸਮਾਧੀ ਲੱਗ ਗਈ, ਤਾਂ ਉਨ੍ਹਾਂ ਨੇ ਵੇਖਿਆ ਕਿ ਬਹੁਤ ਤੇਜ਼ ਚਕਾਚੌਂਧ ਪ੍ਰਕਾਸ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਘੋੜੇ ਅਤੇ ਬਾਜ਼ ਸਮੇਤ ਉਨ੍ਹਾਂ ਦੇ ਸਾਹਮਣੇ ਖੜ੍ਹੇ ਹਨ।ਗੁਰੂ ਜੀ ਨੇ ਪੁੱਛਿਆ ਕਿ ਕਿੱਧਰ ਜਾਣ ਦੀ ਤਿਆਰੀ ਹੈ? ਤਾਂ ਬਾਬਾ ਜੀ ਨੇ ਸਭ ਕੁੱਝ ਸੱਚੋ-ਸੱਚ ਦੱਸ ਦਿੱਤਾ।ਗੁਰੂ ਜੀ ਨੇ ਹੁਕਮ ਦਿੱਤਾ ਕਿ “ਸਾਡਾ ਪੁਰਾਤਨ ਲੰਗਰ ਨਗੀਨਾ ਘਾਟ ਦੇ ਨੇੜੇ ਹੈ, ਉਥੇ ਜਾ ਕੇ ਲੰਗਰ ਚਲਾਓ। `ਖੀਸਾ ਮੇਰਾ ਹੱਥ ਤੇਰਾ` (ਭਾਵ ਸੇਵਾ- ਸੰਭਾਲ ਦੀ ਜਿੰਮੇਵਾਰੀ ਤੁਹਾਡੀ ਹੋਵੇਗੀ ਅਤੇ ਖਰਚਾ ਕਰਨ ਦੀ ਸਾਡੀ)।” ਗੁਰੂ ਜੀ ਨੇ ਇਹ ਵੀ ਕਿਹਾ ਕਿ ਲੰਗਰ ਵਿਚ ਕਦੇ ਤੋਟ ਨਹੀਂ ਆਵੇਗੀ ਅਤੇ ਅਸੀਂ ਆਪ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਕਰਾਂਗੇ।
    ਬਾਬਾ ਜੀ ਨੇ ਗੁਰੂ ਸਾਹਿਬ ਦੇ ਹੁਕਮ ਅੱਗੇ ਸੀਸ ਝੁਕਾਇਆ ਅਤੇ ਪੰਜਾਬ ਪਰਤਣ ਦਾ ਵਿਚਾਰ ਤਿਆਗ ਕੇ ਪੁਰਾਤਨ ਲੰਗਰ (ਮੌਜੂਦਾ ਗੁਰਦੁਆਰਾ ਲੰਗਰ ਸਾਹਿਬ) ਨੂੰ ਪਛਾਣ ਕੇ ਲੰਗਰ ਸ਼ੁਰੂ ਕਰ ਦਿੱਤਾ। ਬਾਬਾ ਜੀ ਕਦੇ ਕੋਈ ਕਰਾਮਾਤ ਨਹੀਂ ਸਨ ਵਿਖਾਉਂਦੇ। ਉਹ ਨਾਲ ਦੇ ਸਿੱਖਾਂ ਨੂੰ ਕਹਿੰਦੇ ਕਿ ਜਾਓ ਕੁੱਝ ਪਕਾਉਣ ਲਈ ਲੈ ਆਓ। ਉਹ ਗੁਰਸਿੱਖ ਪੱਲੇ ਕੋਈ ਪੈਸਾ ਨਾ ਹੋਣ ਦੇ ਬਾਵਜੂਦ `ਸਤਿ ਬਚਨ` ਕਹਿ ਕੇ ਚੱਲ ਪੈਂਦੇ ਅਤੇ ਸਬਜ਼ੀਆਂ ਦੇ ਛਿੱਲੜ ਅਤੇ ਪੱਤੇ ਵਗੈਰਾ ਇਕੱਠੇ ਕਰਕੇ ਲੈ ਆਉਂਦੇ। ਬਾਬਾ ਜੀ ਦੇ ਆਦੇਸ਼ `ਤੇ ਉਹ ਇਨ੍ਹਾਂ ਨੂੰ ਗੋਦਾਵਰੀ `ਚੋਂ ਧੋ ਕੇ ਸਾਫ ਕਰ ਲਿਆਉਂਦੇ।ਸਬਜ਼ੀ ਬਣਾਉਣ ਲਈ ਵੀ ਉਨ੍ਹਾਂ ਕੋਲ ਕੋਈ ਦੇਗ ਜਾਂ ਪਤੀਲੇ ਨਹੀਂ ਸਨ, ਪੀਪੇ ਦਾ ਢੱਕਣ ਕੱਟ ਕੇ ਪੀਪੇ ਵਿੱਚ ਸਬਜ਼ੀ ਬਣਾ ਲੈਂਦੇ।ਜੇ ਕਿਧਰੋਂ ਪੈਸੇ ਮਿਲ ਜਾਂਦੇ, ਤਾਂ ਸਬਜ਼ੀ ਵਿੱਚ ਲੂਣ-ਮਿਰਚ ਪਾ ਲੈਂਦੇ, ਨਹੀਂ ਤਾਂ ਬਿਨਾਂ ਲੂਣ-ਮਿਰਚ ਤੋਂ ਹੀ ਬਣਾ ਲੈਂਦੇ। ਪ੍ਰਸ਼ਾਦੇ ਪਕਾਉਣ ਲਈ ਵੀ ਕੋਈ ਲੋਹ ਜਾਂ ਤਵਾ ਨਹੀਂ ਸੀ, ਪੀਪਿਆਂ ਦੇ ਢੱਕਣਾਂ `ਤੇ ਪਰਸ਼ਾਦੇ ਪਕਾਉਂਦੇ।
     ਇਹੋ ਜਿਹੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨਾਲ ਜੂਝਦੇ ਹੋਏ ਵੀ ਬਾਬਾ ਜੀ ਸੇਵਾ ਵਿੱਚ ਲੀਨ ਰਹਿੰਦੇ।ਬਾਬਾ ਜੀ ਦੀ ਘਾਲਣਾ ਸਦਕਾ ਹੀ ਅੱਜ ਉਥੇ 24 ਘੰਟੇ ਲੰਗਰ ਚੱਲਦਾ ਹੈ ਅਤੇ ਗੁਰੂ-ਕ੍ਰਿਪਾ ਨਾਲ ਖੁੱਲ੍ਹਾ ਵਰਤਦਾ ਹੈ। ਹੋਰ ਤਾਂ ਹੋਰ ਯਾਤਰਾ ਵਾਲੀ ਸੰਗਤ ਨੂੰ ਨਾਲ ਲਿਜਾਣ ਲਈ ਵੀ ਬਹੁਤ ਸਾਰਾ ਲੰਗਰ ਦਿੱਤਾ ਜਾਂਦਾ ਹੈ।ਅਜਿਹੀ ਪ੍ਰਥਾ ਪੰਜਾਬ ਜਾਂ ਕਿਸੇ ਹੋਰ ਗੁਰਦੁਆਰੇ ਵਿੱਚ ਵੇਖਣ ਨੂੰ ਨਹੀਂ ਮਿਲਦੀ, ਜਿੱਥੇ ਸੰਗਤ ਨੂੰ ਨਾਲ ਲਿਜਾਣ ਲਈ ਵੀ ਲੰਗਰ ਦੇਣ ਦਾ ਪ੍ਰਬੰਧ ਹੋਵੇ।
     ਇਸ ਤਰ੍ਹਾਂ ਲੋਕਾਈ ਦੀ ਸੇਵਾ ਕਰਦਿਆਂ ਸੰਤ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਿਖੇ ਹੀ 4 ਅਗਸਤ 1947 ਨੂੰ ਰਾਤੀਂ ਕਰੀਬ 9 ਵਜੇ ਸਦੀਵੀ ਵਿਛੋੜਾ ਦੇ ਗਏ।ਇਸ ਅਸਥਾਨ `ਤੇ ਹੁਣ ਇੱਕ ਸੁੰਦਰ ਗੁਰਦੁਆਰਾ, ਲੰਗਰ, ਕਈ ਸਰਾਵਾਂ ਅਤੇ  ਬਾਬਾ ਜੀ ਦਾ ਅੰਗੀਠਾ ਸੁਸ਼ੋਭਿਤ ਹੈ।ਸੰਤ ਬਾਬਾ ਨਿਧਾਨ ਸਿੰਘ ਤੋਂ ਬਾਅਦ ਬਾਬਾ ਹਰਨਾਮ ਸਿੰਘ, ਬਾਬਾ ਆਤਮਾ ਸਿੰਘ ਮੋਨੀ ਅਤੇ ਬਾਬਾ ਸ਼ੀਸ਼ਾ ਸਿੰਘ ਜੀ ਨੇ ਲੰਗਰ ਸਾਹਿਬ ਦੀ ਅਪਾਰ ਸੇਵਾ ਕੀਤੀ।ਮੌਜੂਦਾ ਸਮੇਂ ਬਾਬਾ ਨਰਿੰਦਰ ਸਿੰਘ ਜੀ ਇਥੋਂ ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ।

Kuldip Kaur Talwandi Sabo

 

 

ਡਾ. ਕੁਲਦੀਪ ਕੌਰ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ
ਤਲਵੰਡੀ ਸਾਬੋ।
151302  (ਬਠਿੰਡਾ)
kuldeepkk1960@gmail.com

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply