Thursday, July 30, 2026

ਸਿਹਤ ਮੰਤਰੀ ਵਲੋਂ ਟੀ.ਬੀ ਸੁਪਰਵਾਇਜ਼ਰਾਂ ਨੂੰ 81 ਸਕੂਟਰ ਤਕਸੀਮ

ਖਰੜ ਦੇ ਸਰਕਾਰੀ ਹਸਪਤਾਲ ਵਿਚ ਬਣੇਗਾ ਵੱਖਰਾ ਜੱਚਾ-ਬੱਚਾ ਵਾਰਡ – ਬਲਬੀਰ ਸਿੰਘ ਸਿੱਧੂ
ਚੰਡੀਗੜ/ਮੋਹਾਲੀ, 21 ਅਗਸਤ (ਪੰਜਾਬ ਪੋਸਟ ਬਿਊਰੋ) – ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿਚ Balbir S Sidhuਟੀ.ਬੀ ਦੇ ਮਰੀਜ਼ਾਂ ਤੱਕ ਸੁਖਾਲੀ ਅਤੇ ਵਿਆਪਕ ਪਹੁੰਚ ਬਣਾਉਣ ਦੇ ਮੰਤਵ ਨਾਲ ਟੀ.ਬੀ ਸੁਪਰਵਾਇਜ਼ਰਾਂ ਨੂੰ ਸਕੂਟਰ ਤਕਸੀਮ ਕਰਨ ਮਗਰੋਂ ਉਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਖਰੜ ਦੇ ਸਬ-ਡਵੀਜ਼ਨਲ ਹਸਪਤਾਲ (ਐਸ.ਡੀ.ਐਚ) ਵਿਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਿੱਧੂ ਨੇ ਦਸਿਆ ਕਿ ਟੀ.ਬੀ ਕੰਟਰੋਲ ਪ੍ਰੋਗਰਾਮ ਤਹਿਤ ਇਹ ਸਕੂਟਰ ਫ਼ੀਲਡ ਵਰਕਰਾਂ ਨੂੰ ਦਿਤੇ ਗਏ ਹਨ ਤਾਂਕਿ ਉਹ ਟੀ.ਬੀ ਦੇ ਮਰੀਜ਼ਾਂ ਤਕ ਲਗਾਤਾਰ ਅਤੇ ਆਸਾਨ ਪਹੁੰਚ ਬਣਾ ਸਕਣ।ਉਨਾਂ ਕਿਹਾ ਕਿ ਜੇ ਸਿਹਤ ਵਿਭਾਗ ਟੀ.ਬੀ ਦੇ ਮਰੀਜ਼ਾਂ ਦੀ ਸਹੀ ਖ਼ਬਰਸਾਰ ਰੱਖ ਸਕੇਗਾ ਤਾਂ ਸੂਬੇ ਵਿਚ ਟੀ.ਬੀ (ਤਪਦਿਕ ) ਨੂੰ ਮੁਕੰਮਲ ਤੌਰ `ਤੇ ਖ਼ਤਮ ਕਰਨ ਵਿਚ ਮਦਦ ਮਿਲ ਸਕੇਗੀ।
         ਸਿਹਤ ਮੰਤਰੀ ਨੇ ਦੱਸਿਆ ਕਿ ਖਰੜ, ਬਠਿੰਡਾ ਅਤੇ ਵੇਰਕਾ ਵਿਖੇ ਤਿੰਨ ਥਾਈਂ ਸਮਾਗਮ ਹੋਏ ਹਨ ਜਿਥੇ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਅਤੇ ਸੀਨੀਅਰ ਟਰੀਟਮੈਂਟ ਲੈਬ ਸੁਪਰਵਾਇਜ਼ਰ (ਐਸ.ਟੀ.ਐਸ ਅਤੇ ਐਸ.ਟੀ.ਐਲ.ਐਸ) ਨੂੰ ਕੁੱਲ 81 ਸਕੂਟਰ ਦਿੱਤੇ ਗਏ ਹਨ, ਜਿਨਾਂ ਵਿਚੋਂ ਖਰੜ, ਲੁਧਿਆਣਾ, ਪਟਿਆਲਾ, ਰੋਪੜ, ਨਵਾਂਸ਼ਹਿਰ ਅਤੇ ਫ਼ਤਿਹਗੜ ਸਾਹਿਬ ਦੇ 24 ਸੁਪਰਵਾਇਜ਼ਰਾਂ ਨੂੰ ਸਕੂਟਰਾਂ ਦੀ ਵੰਡ ਕੀਤੀ ਗਈ ਹੈ।ਇਸ ਤੋਂ ਇਲਾਵਾ ਬਠਿੰਡਾ ਵਿਖੇ 18 ਅਤੇ ਵੇਰਕਾ ਵਿਖੇ 39 ਸਕੂਟਰ ਵੰਡੇ ਗਏ ਹਨ।ਉਨਾਂ ਦੱਸਿਆ ਕਿ ਸਿਹਤ ਵਿਭਾਗ ਵਿਚ ਅਜਿਹੇ ਕੁੱਲ 215 ਸੁਪਰਵਾਈਜ਼ਰ ਹਨ ਜਿਨਾਂ ਵਿਚੋਂ 134 ਕੋਲ ਪਹਿਲਾਂ ਹੀ ਇਹ ਸਹੂਲਤ ਸੀ ਅਤੇ ਅੱਜ 81 ਹੋਰਾਂ ਨੂੰ ਇਹ ਸਹੂਲਤ ਦਿੱਤੇ ਜਾਣ ਨਾਲ ਹੁਣ ਸਾਰੇ 215 ਸੁਪਰਵਾਈਰਾਂ ਕੋਲ ਸਕੂਟਰ ਦੀ ਸਹੂਲਤ ਹੈ।
     ਸਿੱਧੂ ਨੇ ਦਸਿਆ ਕਿ ਜਿਥੇ ਇਹ ਸੁਪਰਵਾਇਜ਼ਰ ਟੀ.ਬੀ ਦੇ ਮਰੀਜ਼ਾਂ ਨੂੰ ਦਿਤੀ ਜਾ ਰਹੀ ਦਵਾਈ ਦੀ ਸਥਿਤੀ ਬਾਰੇ ਜਾਣਕਾਰੀ ਲੈਣਗੇ, ਉਥੇ ਇਹ ਵੇਖਣਗੇ ਕਿ ਉੁਸ ਦੇ ਘਰ ਜਾਂ ਆਲੇ-ਦੁਆਲੇ ਟੀ.ਬੀ ਦਾ ਕੋਈ ਸ਼ੱਕੀ ਮਰੀਜ਼ ਤਾਂ ਨਹੀਂ। ਜੇ ਅਜਿਹਾ ਮਰੀਜ਼ ਮਿਲਦਾ ਹੈ ਤਾਂ ਉਸ ਦੇ ਜ਼ਰੂਰੀ ਟੈਸਟ ਕਰਵਾਉਣ ਲਈ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਚ ਉਸ ਨੂੰ ਭੇਜਿਆ ਜਾਵੇਗਾ।ਨਾਲ ਹੀ ਇਹ ਵਰਕਰ ਯਕੀਨੀ ਬਨਾਉਣਗੇ ਕਿ ਮਰੀਜ਼ ਨੂੰ ਦਵਾਈ ਲੈਣ ਵਿਚ ਕਿਸੇ ਵੀ ਤਰਾਂ ਦੀ ਦਿੱਕਤ ਨਾ ਹੋਵੇ।ਇਸ ਤੋਂ ਇਲਾਵਾ, ਮਰੀਜ਼ ਨੂੰ ਮਿਲ ਰਹੀ ਮਾਲੀ ਇਮਦਾਦ ਬਾਰੇ ਵੀ ਜਾਣਕਾਰੀ ਲੈਣਗੇ। ਉਨਾਂ ਦੱਸਿਆ ਕਿ ਸਰਕਾਰ ਵਲੋਂ ਟੀ.ਬੀ ਦੇ ਹਰ ਮਰੀਜ਼ ਨੂੰ ਹਰ ਮਹੀਨੇ ਪੰਜ ਸੌ ਰੁਪਏ ਦੀ ਮਾਲੀ ਇਮਦਾਦ ਦਿਤੀ ਜਾਂਦੀ ਹੈ ਤਾਕਿ ਉਹ ਚੰਗੀ ਤੇ ਪੌਸ਼ਟਿਕ ਖ਼ੁਰਾਕ ਦਾ ਸੇਵਨ ਕਰ ਸਕੇ।
       ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਅਹਿਮ ਐਲਾਨ ਕੀਤਾ ਕਿ ਖਰੜ ਦੇ ਸਰਕਾਰੀ ਹਸਪਤਾਲ ਵਿਚ ਵਖਰੇ ਜੱਚਾ-ਬੱਚਾ ਵਾਰਡ ਦੇ ਨਿਰਮਾਣ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ।ਉਨਾਂ ਦਸਿਆ ਕਿ 50 ਬਿਸਤਰਿਆਂ ਵਾਲੇ ਇਸ ਵਾਰਡ ਵਿਚ ਤਮਾਮ ਆਧੁਨਿਕ ਸਹੂਲਤਾਂ ਹੋਣਗੀਆਂ ਤਾਂਕਿ ਸਬੰਧਤ ਮਰੀਜ਼ਾਂ ਨੂੰ ਮੋਹਾਲੀ ਜਾਂ ਚੰਡੀਗੜ ਵਿਖੇ ਜਾਣ ਦੀ ਲੋੜ ਹੀ ਨਾ ਪਵੇ।ਸਿਹਤ ਮੰਤਰੀ ਨੇ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਸੂਬਾ ਭਰ ਵਿਚ ਇਸ ਯੋਜਨਾ ਦੀ ਰਸਮੀ ਸ਼ੁਰੂਆਤ 20 ਅਗਸਤ ਤੋਂ ਕਰ ਦਿੱਤੀ ਗਈ ਹੈ, ਜਿਸ ਤਹਿਤ ਸੂਬੇ ਦੇ 46 ਲੱਖ ਪਰਿਵਾਰਾਂ ਦਾ ਪੰਜ-ਪੰਜ ਲੱਖ ਰੁਪਏ ਤਕ ਦਾ ਸਿਹਤ ਬੀਮਾ ਕੀਤਾ ਜਾਵੇਗਾ।ਲਾਭਪਾਤਰੀ ਪਰਿਵਾਰ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਸਕਣਗੇ ਜਿਥੇ ਈ-ਕਾਰਡ ਧਾਰਕ ਦਾਖ਼ਲ ਮਰੀਜ਼ ਦਾ ਪੰਜ ਲੱਖ ਰੁਪਏ ਤਕ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
            ਸਮਾਗਮ ਵਿਚ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜਸਪਾਲ ਕੌਰ, ਡਾਇਰਕੈਟਰ ਈ.ਐਸ.ਆਈ. ਡਾ. ਜਗਪਾਲ ਬਾਸੀ, ਸਿਵਲ ਸਰਜਨ ਡਾ.. ਮਨਜੀਤ ਸਿੰਘ, ਸਟੇਟ ਟੀ.ਬੀ ਅਫ਼ਸਰ ਡਾ. ਜਸਤੇਜ ਸਿੰਘ ਕੁਲਾਰ, ਡਿਪਟੀ ਡਾਇਰੈਕਟਰ ਡਾ. ਸ਼ਿੰਗਾਰਾ ਸਿੰਘ, ਐਸ.ਐਮ.ਓ ਡਾ. ਸੁਰਿੰਦਰ ਸਿੰਘ ਵੀ ਮੌਜੂਦ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply