Thursday, July 30, 2026

ਟਿਕਾਊ ਵਿਕਾਸ ਦੇ ਟੀਚਿਆਂ ਨੂੰ ਅਮਲ `ਚ ਲਿਆਉਣ ਲਈ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਨਾਲ ਸਮਝੌਤਾ ਸਹੀਬੰਦ

ਮੁੱਖ ਮੰਤਰੀ ਨੇ ਰੋਜ਼ਗਾਰ ਵਿਭਾਗ ਨੂੰ ਨਵੇਂ ਮੌਕੇ ਤਲਾਸ਼ਣ ਲਈ ਯੂ.ਐਨ.ਡੀ.ਪੀ ਨਾਲ ਭਾਈਵਾਲੀ ਲਈ ਕਿਹਾ
ਚੰਡੀਗੜ, 21 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਸਥਿਰ ਵਿਕਾਸ ਦੇ ਟੀਚਿਆਂ (ਐਸ.ਡੀ.ਜੀ) ਨੂੰ ਅਮਲ ਵਿਚ PUNJ2108201901ਲਿਆਉਣ ਲਈ ਅੱਜ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ) ਨਾਲ ਸਮਝੌਤਾ ਸਹੀਬੰਦ ਕੀਤਾ।
               ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਯੂ.ਐਨ.ਡੀ.ਪੀ ਦੀ ਰੈਜ਼ੀਡੈਂਟ ਨੁਮਾਇੰਦਾ ਸ਼ੋਕੋ ਨੋਡਾ ਅਤੇ ਪੰਜਾਬ ਦੇ ਯੋਜਨਾਬੰਦੀ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਨੇ ਇਸ ਸਮਝੌਤੇ `ਤੇ ਹਸਤਾਖਰ ਕੀਤੇ।ਜਿਸ ਤਹਿਤ ਯੋਜਨਾਬੰਦੀ ਵਿਭਾਗ ਵਿੱਚ ਯੂ.ਐਨ.ਡੀ.ਪੀ ਦੇ ਸਹਿਯੋਗ ਨਾਲ ਸਥਿਰ ਵਿਕਾਸ ਦੇ ਟੀਚਿਆਂ ਬਾਰੇ ਤਾਲਮੇਲ ਕੇਂਦਰ ਸਥਾਪਤ ਕੀਤਾ ਜਾਵੇਗਾ।
    ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਇਕਸਾਰਤਾ ਆਵੇਗੀ ਜਿਸ ਨਾਲ ਸੂਬੇ ਦੇ ਸਥਿਰ ਅਤੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇਗਾ।ਉਨਾਂ ਉਮੀਦ ਜ਼ਾਹਰ ਕੀਤੀ ਕਿ ਇਨਾਂ ਟੀਚਿਆਂ ਰਾਹੀਂ ਨਾਗਰਿਕ ਕੇਂਦਰਿਤ ਸੇਵਾਵਾਂ ਅਤੇ ਵਿਕਾਸ ਮੁੱਖੀ ਪ੍ਰੋਗਰਾਮਾਂ ਦੇ ਇੱਛਤ ਨਤੀਜੇ ਹਾਸਲ ਹੋਣਗੇ।
            ਯੂ.ਐਨ.ਡੀ.ਪੀ ਦੇ ਸੀਨੀਅਰ ਸਲਾਹਕਾਰ ਵੱਲੋਂ ਹੁਨਰ ਵਿਕਾਸ, ਰੁਜ਼ਗਾਰ ਅਤੇ ਜੀਵਨ ਨਿਰਬਾਹ ਬਾਰੇ ਸੰਖੇਪ ਵਿੱਚ ਦਿੱਤੀ ਪੇਸ਼ਕਾਰੀ ਦੇ ਬਾਰੇ ਮੁੱਖ ਮੰਤਰੀ ਨੇ ਰੁਜ਼ਗਾਰ ਉਤਪਤੀ ਵਿਭਾਗ ਨੂੰ ਯੂ.ਐਨ.ਡੀ.ਪੀ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਾਇਮ ਕਰਨ ਲਈ ਆਖਿਆ ਤਾਂ ਕਿ ਪ੍ਰਾਈਵੇਟ ਸੈਕਟਰ ਵਿੱਚ ਸਵੈ-ਰੁਜ਼ਗਾਰ ਅਤੇ ਨੌਕਰੀਆਂ ਦੇ ਨਾਲ-ਨਾਲ ਹੁਨਰ ਵਿਕਾਸ ਲਈ ਨਵੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਣ।ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ `ਘਰ-ਘਰ ਰੁਜ਼ਗਾਰ` ਦੀ ਸਫਲਤਾ ਦਾ ਜ਼ਿਕਰ ਕਰਦਿਆਂ ਉਨਾਂ ਨੇ ਵਫ਼ਦ ਨੂੰ ਹੁਨਰ ਵਿਕਾਸ ਤੇ ਰੁਜ਼ਗਾਰ ਯੋਜਨਾਵਾਂ ਨੂੰ ਉਤਸ਼ਾਹਤ ਕਰਨ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
               ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ ਹਿੱਸੇਦਾਰੀ ਨਾਲ ਵਿਕਾਸ ਦੇ ਟੀਚਿਆਂ ਸਬੰਧੀ ਤਾਲਮੇਲ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ, ਜੋ ਪੰਜਾਬ ਸਰਕਾਰ ਨੂੰ ਪੰਜ ਭਾਗਾਂ `ਤੇ ਅਧਾਰਿਤ ਵਿਕਾਸ ਟੀਚਿਆਂ ਲਈ ਸਹਾਈ ਹੋਵੇਗਾ। ਇਨਾਂ ਪੰਜ ਭਾਗਾਂ ਵਿੱਚ ਸੰਯੁਕਤ ਰਣਨੀਤਿਕ ਵਿਉਂਤਬੰਦੀ ਤੇ ਅਮਲ, ਜਾਗਰੂਕਤਾ ਤੇ ਸਮਰਥਾ ਨਿਰਮਾਣ, ਸਥਿਰ ਵਿਕਾਸ ਟੀਚਿਆਂ ਦਾ ਸਥਾਨੀਕਰਨ, ਵਸੀਲਿਆਂ ਦਾ ਸੰਚਾਲਨ ਤੇ ਸਾਂਝੇਦਾਰੀ ਅਤੇ ਨਿਗਰਾਨੀ ਤੇ ਮੁਲਾਂਕਣ ਸ਼ਾਮਲ ਹਨ। ਇਸ ਨਾਲ ਕੌਮੀ ਸੂਚਕ ਢਾਂਚੇ ਦੇ ਮੁਤਾਬਕ ਸੂਬਾਈ ਸੂਚਕ ਢਾਂਚਾ ਵਿਕਸਤ ਕਰਨ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਟੀਚਿਆਂ ਦੇ ਵਿਰੁੱਧ ਕਾਰਗੁਜ਼ਾਰੀ ਤੈਅ ਕਰਨ ਲਈ ਇਕ ਵਿਆਪਕ ਨਿਗਰਾਨੀ ਅਤੇ ਮੁਲਾਂਕਣ ਯੋਜਨਾ ਨੂੰ ਨਿਸ਼ਚਿਤ ਕੀਤਾ ਜਾਵੇਗਾ।  
ਇਸ ਮੌਕੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਿਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਕੱਤਰ ਰੋਜ਼ਗਾਰ ਉਤਪਤੀ ਰਾਹੁਲ ਤਿਵਾੜੀ ਅਤੇ ਵਿਸ਼ੇਸ਼ ਸਕੱਤਰ ਯੋਜਨਾਬੰਦੀ ਡੀ.ਐਸ ਮਾਂਗਟ ਵੀ ਹਾਜ਼ਰ ਸਨ।
ਯੂ.ਐਨ.ਡੀ.ਪੀ ਦੇ ਵਫ਼ਦ ਵਿੱਚ ਸੰਸਥਾ ਦੇ ਸੀਨੀਅਰ ਸਲਾਹਕਾਰ ਹਰਸ਼ ਸਿੰਘ, ਭਾਰਤ ਸਥਿਤ ਐਡੀਸ਼ਨਲ ਡਾਇਰੈਕਟਰ ਡਾ. ਰਾਕੇਸ਼ ਕੁਮਾਰ, ਸਟੇਟ ਦਫ਼ਤਰ, ਚੰਡੀਗੜ ਦੇ ਮੁੱਖੀ ਵਿਕਾਸ ਵਰਮਾ, ਸੰਸਥਾ ਦੇ ਪਾਰਟਨਰਸ਼ਿਪ ਸਪੈਸ਼ਲਿਸਟ ਸੁਖਮਨ ਰੰਧਾਵਾ ਅਤੇ ਪ੍ਰੋਗਰਾਮ ਐਸੋਸੀਏਟ ਸ਼ਰਨ ਸੂਰੀ ਸ਼ਾਮਲ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply