ਨਦੀਆਂ ਤੇ ਵਾਤਾਵਰਣ ਬਚਾਉਣ ਲਈ ਰੁੱਖ ਅਤਿਅੰਤ ਜ਼ਰੂਰੀ – ਸਾਧੂ ਸਿੰਘ ਧਰਮਸੋਤ
ਚੰਡੀਗੜ, 21 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਅਜੋਕੇ ਸਮੇਂ ਵਿੱਚ
ਨਦੀਆਂ ਅਤੇ ਵਾਤਾਵਰਣ ਬਚਾਉਣ ਲਈ ਰੁੱਖਾਂ ਦੀ ਜ਼ਰੂਰਤ ਅਤਿਅੰਤ ਜ਼ਰੂਰੀ ਹੋ ਗਈ ਹੈ।ਉਨਾਂ ਇਹ ਪ੍ਰਗਟਾਵਾ ਅੱਜ ਇਥੇ ਹਿਮਾਲੀਅਨ ਰਿਸਰਚ ਇੰਸਟੀਚਿਊਟ, ਸ਼ਿਮਲਾ ਵਲੋਂ ਪੰਜਾਬ ਦੀਆਂ ਮੁੱਖ ਨਦੀਆਂ ਸਤਲੁਜ, ਰਾਵੀ, ਬਿਆਸ ਕਿਨਾਰੇ ਜੰਗਲ ਵਧਾ ਕੇ ਇਨਾਂ ਨਦੀਆਂ ਨੂੰ ਬਚਾਉਣ ਲਈ ਆਯੋਜਿਤ ਕੀਤੀ ਗਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕੀਤਾ।
ਧਰਮਸੋਤ ਨੇ ਦੱਸਿਆ ਕਿ ਲੋਕਾਂ ਨੂੰ ਜੀਵਨ ਵਿੱਚ ਖਾਣਾ, ਪਹਿਰਾਵਾ ਤਾਂ ਵੱਖ-ਵੱਖ ਹੋ ਸਕਦਾ ਹੈ, ਪਰ ਪਾਣੀ ਅਤੇ ਵਾਤਾਵਰਣ ਦੀ ਸਭ ਨੂੰ ਇੱਕੋ ਜਿਹੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਰੁੱਖ ਆਪਣੇ ਜੀਵਨ ਕਾਲ ਦੀ ਸ਼ੁਰੂਆਤ ਤੋਂ ਹੀ ਫ਼ਲ, ਫੁੱਲ, ਛਾਂ ਦਿੰਦੇ ਹੋਏ ਵਾਤਾਵਰਣ ਦੀ ਸ਼ੁੱਧਤਾ ਕਰਨੀ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਜੀਵਨ ਕਾਲ ਦੇ ਅੰਤ ਤੋਂ ਬਾਅਦ ਵੀ ਕਈ ਤਰਾਂ ਨਾਲ ਮਨੁੱਖ ਦੇ ਕੰਮ ਆਉਂਦਾ ਹੈ। ਉਨਾਂ ਕਿਹਾ ਕਿ ਰੁੱਖ ਸਾਡੀ ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ਹਨ।
ਧਰਮਸੋਤ ਨੇ ਦੱਸਿਆ ਕਿ ਦੇਸ਼ ਵੰਡ ਤੋਂ ਪਹਿਲਾਂ ਪੰਜਾਬ ਪੂਰਾ ਹਰਿਆ ਭਰਿਆ ਜੰਗਲਾਤ ਸੀ। ਉਨਾਂ ਕਿਹਾ ਕਿ ਦੇਸ਼ ਨੇ ਆਜ਼ਾਦੀ ਮਗਰੋਂ ਅਨਾਜ ਸਬੰਧੀ ਵਿਦੇਸ਼ਾਂ `ਤੇ ਨਿਰਭਰਤਾ ਨੂੰ ਖਤਮ ਕਰਕੇ ਆਤਮ ਨਿਰਭਰ ਹੋਣ ਲਈ ਇੰਨਾ ਜ਼ਿਆਦਾ ਅਨਾਜ ਪੈਦਾ ਕੀਤਾ ਕਿ ਦੇਸ਼ ਵਿਚ ਅਨਾਜ ਸੰਭਾਲਣ ਲਈ ਗੁਦਾਮ ਬਣਾਉਣੇ ਪੈ ਗਏ, ਪਰ ਇਸ ਪ੍ਰਕਿਰਿਆ ਵਿੱਚ ਪੰਜਾਬ ਦੇ ਜੰਗਲ ਖਤਮ ਹੋਣ ਲੱਗ ਗਏ। ਉਨਾਂ ਦੱਸਿਆ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਪਿਛਲੇ 2 ਸਾਲਾਂ ਦੌਰਾਨ ਲੱਖਾਂ ਬੂਟੇ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਗਏ ਹਨ।
ਜੰਗਲਾਤ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਹਰ ਪਿੰਡ ਵਿੱਚ 550 ਬੂਟੇ ਲਗਾਏ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 9000 ਹਜ਼ਾਰ ਪਿੰਡਾਂ ਵਿੱਚ 56 ਲੱਖ ਬੂਟੇ ਲਗਾਏ ਜਾ ਚੁੱਕੇ ਹਨ, ਜਦਕਿ ਬਾਕੀ ਰਹਿੰਦੇ ਲਗਭੱਗ 4000 ਪਿੰਡਾਂ `ਚ 30 ਸਤੰਬਰ ਤੱਕ ਲਾ ਦਿੱਤੇ ਜਾਣਗੇ। ਉਨਾਂ ਨੇ ਸੂਬੇ ਭਰ `ਚ ਬੂਟੇ ਲਗਾਉਣ ਅਤੇ ਬੂਟਿਆਂ ਦੀ ਸਂਭ-ਸੰਭਾਲ ਲਈ ਧਾਰਮਿਕ ਸੰਸਥਾਵਾਂ ਨੂੰ ਸ਼ਮੂਲੀਅਤ ਅਤੇ ਸਹਿਯੋਗ ਅਪੀਲ ਵੀ ਕੀਤੀ।
ਇਸ ਤੋਂ ਪਹਿਲਾਂ ਪ੍ਰਧਾਨ ਮੁੱਖ ਵਣ ਪਾਲ ਜਤਿੰਦਰ ਸ਼ਰਮਾ ਨੇ ਹਿਮਾਲਿਅਨ ਰਿਸਰਚ ਇੰਸਟੀਚਿਊਟ ਸ਼ਿਮਲਾ ਵਲੋਂ ਸ਼ੁਰੂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨਾਂ ਨੇ ਦੱਸਿਆ ਕਿ ਪੰਜਾਬ ਵਿੱਚ 100 ਸਾਲ ਪਹਿਲਾਂ ਜ਼ਮੀਨ, ਪਾਣੀ ਅਤੇ ਨਦੀਆਂ ਬਚਾਉਣ ਲਈ ਪੰਜਾਬ ਭੂਮੀ ਰੱਖਿਆ ਐਕਟ ਲਾਗੂ ਕੀਤਾ ਗਿਆ ਸੀ।ਇਸ ਵਰਕਸ਼ਾਪ ਵਿੱਚ ਜੰਗਲਾਤ ਵਿਭਾਗ ਪੰਜਾਬ ਤੋਂ ਇਲਾਵਾ ਚੰਡੀਗੜ, ਹਿਮਾਚਲ ਪ੍ਰਦੇਸ਼ ਆਦਿ ਦੇ ਵਣ ਵਿਭਾਗ ਅਤੇ ਦੂਜੇ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਮਾਹਿਰਾਂ ਨੇ ਭਾਗ ਲਿਆ।
Check Also
ਐਡਵੋਕੇਟ ਧਾਮੀ ਤੇ ਚੁਣੇ ਹੋਰ ਅਹੁੱਦੇਦਾਰਾਂ ਨੇ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਐਡਵੋਕੇਟ ਹਰਜਿੰਦਰ …
Punjab Post Daily Online Newspaper & Print Media