ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਦਾ ਨਿਰੀਖਣ ਕੀਤਾ ਗਿਆ ਅਤੇ ਸਿਵਲ ਹਸਪਤਾਲ ਦੀ ਕਾਰਗੁਜਾਰੀ ਦੇਖੀ ਗਈ।ਉਨ੍ਹਾਂ ਵੱਲੋਂ ਵਿਸ਼ੇਸ ਤੋਰ `ਤੇ ਡੇਂਗੂ ਨੂੰ ਲੈ ਕੇ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤੇ ਡੇਂਗੂ ਵਾਰਡ ਦਾ ਵੀ ਨਿਰੀਖਣ ਕੀਤਾ ਗਿਆ।
ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐਮ.ਓ ਡਾ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਓ ਲਈ ਜਾਗਰੂਕ ਕਰਨ ਦੇ ਲਈ ਡੋਰ ਟੂ ਡੋਰ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਮੀਨਾਰ ਲਗਾ ਕੇ ਅਤੇ ਲੋਕਾਂ ਨਾਲ ਵਿਸ਼ੇਸ ਮੀਟਿੰਗਾਂ ਕਰਕੇ ਲੋਕਾਂ ਨੂੰ ਡੇਂਗੂ ਤੋਂ ਬਚਾਓ ਬਾਰੇ ਦੱਸਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਹਿਰ ਦੇ 50 ਵਾਰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਸੰਬੰਧਤ ਵਾਰਡ ਦੇ ਕੌਂਸਲਰ ਦੇ ਨਾਲ ਮਿਲ ਕੇ ਲੋਕਾਂ ਤੱਕ ਪਹੁੰਚ ਕਰ ਰਹੇ ਹਨ ਅਤੇ ਆਪਣੇ ਘਰ੍ਹਾਂ ਵਿੱਚ ਸਾਫ ਸਫਾਈ ਰੱਖਣ ਆਦਿ ਲਈ ਜਾਗਰੂਕ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਬੱਸ ਸਟੈਂਡ, ਸਕੂਲਾਂ, ਕਾਲਜਾਂ, ਰੇਲਵੇ ਸਟੇਸ਼ਨ, ਸਬ ਜੇਲ ਪਠਾਨਕੋਟ, ਲੋਕਾਂ ਦੇ ਘਰ ਅਤੇ ਜਨਤਕ ਸਥਾਨਾਂ ਤੇ ਚੈਕਿੰਗ ਕਰ ਕੇ ਪਾਣੀ ਦੇ ਸੈਂਪਲ ਲਏ ਗਏ ਹਨ ਅਤੇ ਸੰਬੰਧਤ ਵਿਭਾਗ ਵੱਲੋਂ ਫੋਗਿੰਗ ਵੀ ਕੀਤੀ ਜਾ ਰਹੀ ਹੈ।ਸਹਿਰ ਅੰਦਰ ਵੀ ਜੋ ਪ੍ਰਾਈਵੇਟ ਡਾਕਟਰ ਪ੍ਰੈਕਟਿਸ ਕਰ ਰਹੇ ਹਨ ਉਨ੍ਹਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਅਗਰ ਕੋਈ ਡੇਂਗੂ ਦਾ ਮਰੀਜ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਰੋਗੀ ਨੂੰ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਜਾਵੇ ਅਤੇ ਸਿਵਲ ਹਸਪਤਾਲ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਚੈਕਿੰਗ ਦੋਰਾਨ ਜਿਸ ਵਾਰਡ ਵਿੱਚ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ ਉਸ ਡੇਂਗੂ ਦੇ ਲਾਰਵੇ ਨੂੰ ਮੋਕੇ `ਤੇ ਹੀ ਨਸ਼ਟ ਕੀਤਾ ਜਾਂਦਾ ਹੈ,।
ਇਸ ਮੋਕੇ ਤੇ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਿਵਲ ਹਸਪਤਾਲ ਦੇ ਡੇਂਗੂ ਪ੍ਰਬੰਧਾਂ ਨੂੰ ਲੈ ਕੇ ਸੰਤੁਸ਼ਟੀ ਜਤਾਈ ਅਤੇ ਸਹਿਰ ਵਾਸੀਆਂ ਨੂੰ ਵੀ ਡੇਂਗੂ ਤੋਂ ਜਾਗਰੂਕ ਰਹਿਣ ਦੀ ਅਪੀਲ ਕੀਤੀ।
Punjab Post Daily Online Newspaper & Print Media