Thursday, April 16, 2026

ਜਤਿੰਦਰ ਹਾਂਸ ਦੀ ਕਿਤਾਬ ਨੂੰ ਇਨਾਮ ਮਿਲਣ ’ਤੇ ਪੰਜਾਬੀ ਸਾਹਿਤ ਸਭਾ ਸਮਰਾਲਾ ਨੇ ਵੰਡੇ ਲੱਡੂ

ਸਾਹਿਤਕ ਮੱਸ ਰੱਖਣ ਵਾਲਿਆਂ ਲਈ ਹੀ ਸਕੂਲ ਤੇ ਯੂਨੀਵਰਸਿਟੀਆਂ ਹਨ ਸਾਹਿਤ ਸਭਾਵਾਂ – ਕਹਾਣੀਕਾਰ ਸੁਖਜੀਤ

PPNJ2009201922ਸਮਰਾਲਾ, 20 ਸਤੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਪ੍ਰਸਿੱਧ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਨੂੰ ਢਾਹਾਂ ਪ੍ਰਾਈਜ਼ 2019 ਮਿਲਣ ’ਤੇ ਸਾਹਿਤ ਸਭਾ ਸਮਰਾਲਾ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।
 ਇਸ ਇਨਾਮ ਬਾਰੇ ਜਾਣਕਾਰੀ ਦਿੰਦਿਆਂ ਸਾਹਿਤ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਦੱਸਿਆ ਕਿ ਪੰਜਾਬੀ ਨਾਵਲਕਾਰਾਂ ਅਤੇ ਕਹਾਣੀਕਾਰਾਂ ਨੂੰ ਮਿਲਣ ਵਾਲ਼ਾ ਕਿਸੇ ਗ਼ੈਰ-ਸਰਕਾਰੀ ਸੰਸਥਾ ਵਲੋਂ ਦਿੱਤਾ ਜਾਂਦਾ ਇਹ ਸਭ ਤੋਂ ਵੱਡਾ ਇਨਾਮ ਹੈ, ਜੋ ਕਿ ਪੱਚੀ ਹਜ਼ਾਰ ਕੈਨੇਡੀਅਨ ਡਾਲਰ ਦਾ ਹੈ।ਜਤਿੰਦਰ ਸਿੰਘ ਹਾਂਸ ਦੁਆਰਾ ਪਿਛਲੇ ਸਾਲ ਲਿਖੀ ਕਹਾਣੀਆਂ ਦੀ ਕਿਤਾਬ ‘ਜਿਊਣਾ ਸੱਚ ਬਾਕੀ ਝੂਠ’ ਨੂੰ ਇਹ ਪਹਿਲਾ ਇਨਾਮ ਮਿਲਣਾ ਪੂਰੇ ਇਲਾਕੇ ਲਈ ਮਾਣ ਵਾਲ਼ੀ ਗੱਲ ਹੈ।
ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਪੂਰੇ ਇਲਾਕੇ ਦੀਆਂ ਸਾਹਿਤ ਸਭਾਵਾਂ ਨੂੰ ਵਧਾਈ ਦਿੰਦਿਆ ਆਖਿਆ ਕਿ ਜਤਿੰਦਰ ਹਾਂਸ ਜਿਹੜੀਆਂ ਵੀ ਸਾਹਿਤ ਸਭਾਵਾਂ ਵਿੱਚ ਜਾ ਕੇ ਆਪਣੀਆਂ ਨਵੀਆਂ ਲਿਖੀਆਂ ਕਹਾਣੀਆਂ ਪੜ੍ਹਦਾ ਹੈ, ਉਹ ਸਾਰੀਆਂ ਹੀ ਵਧਾਈ ਦੀਆਂ ਹੱਕਦਾਰ ਹਨ।ਸਾਹਿਤ ਸਭਾਵਾਂ ਹੀ ਲੇਖਕਾਂ ਦੇ ਮੁੱਢਲੇ ਸਕੂਲ ਅਤੇ ਯੂਨੀਵਰਸਿਟੀਆਂ ਹੁੰਦੀਆਂ ਹਨ, ਜਿਥੋਂ ਉਹ ਹਰ ਸਮੇਂ ਕੁੱਝ ਨਾ ਕੁੱਝ ਸਿੱਖਦੇ ਰਹਿੰਦੇ ਹਨ।ਉਹਨਾਂ ਨਾਲ਼ ਹੀ ਪ੍ਰੌੜ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਦੀ ਕਹਾਣੀਆਂ ਦੀ ਕਿਤਾਬ ‘ਆਮ-ਖਾਸ’ ਅਤੇ ਪਾਕਿਸਤਾਨ ਤੋਂ ਸ਼ਾਹਮੁੱਖੀ ਨਾਵਲਕਾਰ ਮੁਦੱਸਰ ਬਸ਼ੀਰ ਦੇ ਨਾਵਲੈਟ ‘ਕੌਣ?’ ਨੂੰ ਦਸ-ਦਸ ਹਜ਼ਾਰ ਡਾਲਰ ਦਾ ਦੂਸਰਾ ਇਨਾਮ ਮਿਲਣ ’ਤੇ ਖੁਸ਼ੀ ਪ੍ਰਗਟ ਕੀਤੀ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਬਾਬੂ ਸਿੰਘ ਚੌਹਾਨ ਦੇ ਖੂਬਸੂਰਤ ਗੀਤ ‘ਝੰਡਿਆ ਤਿੰਨ ਰੰਗਿਆ ਤੈਨੂੰ ਚੰਨ ’ਤੇ ਝੂਲਦਾ ਵੇਖਾਂ’ ਨਾਲ਼ ਹੋਈ।ਹਾਣੀਕਾਰ ਮੁਖਤਿਆਰ ਸਿੰਘ ਨੇ ਆਪਣੀ ਨਵੀਂ ਲਿਖੀ ਕਹਾਣੀ ‘ਪਲ-ਛਿਣ’ ਪੜ੍ਹੀ, ਉਭਰਦੇ ਕਹਾਣੀਕਾਰ ਤਰਨ ਸਿੰਘ ਬੱਲ ਨੇ ਵੀ ਨਵੀਂ ਕਹਾਣੀ ਸੁਣਾਈ, ਐਡਵੋਕੇਟ ਨਰਿੰਦਰ ਸ਼ਰਮਾ ਨੇ ਅੱਜ ਦੇ ਸਮੇਂ ਪੂਰੀ ਢੁੱਕਦੀ ਲੰਬੀ ਕਵਿਤਾ ‘ਕਸ਼ਮੀਰ’ ਸੁਣਾ ਕੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।ਅਵਤਾਰ ਸਿੰਘ ਉਟਾਲਾਂ ਨੇ ਗੀਤ ‘ਬਿਸ਼ਨੀ’, ਜਰਨੈਲ ਸਿੰਘ ਮਾਂਗਟ ਨੇ ‘ਦੋਹੇ’, ਗੁਰਨਾਮ ਸਿੰਘ ਬਿਜਲੀ ਨੇ ਗੀਤ ‘ਮਾਏ ਨੀ ਮਾਏ ਮੇਰਾ ਗੁੰਦ ਦੇ ਪਰਾਂਦਾ’, ਸੁਰਜੀਤ ਸਿੰਘ ਜੀਤ ਨੇ ਭਾਵਪੂਰਤ ਗ਼ਜ਼ਲ ਪੜ੍ਹੀ ਜਿਸ ਦਾ ਮਤਲਾ ਸੀ ‘ਕਦੀ ਇਹ ਧੁੱਪ ਨਹੀਂ ਮਿਲਦੀ ਕਦੇ ਉਹ ਛਾਂ ਨਹੀਂ ਮਿਲਦੀ, ਜੋ ਦਿਲ ਨੂੰ ਚੈਨ ਦੇ ਦੇਵੇ ਕਦੀ ਉਹ ਥਾਂ ਨਹੀਂ ਮਿਲਦੀ’।ਮਨਦੀਪ ਸਿੰਘ ਡਡਿਆਣਾ ਨੇ ਕਹਾਣੀ ‘ਜੁੱਤੀ ਚੁੱਕ ਬੰਦੇ’, ਹਰਬੰਸ ਮਾਲਵਾ ਨੇ ਗੀਤ ‘ਹੌਲ਼ੀ ਹੌਲ਼ੀ ਫੇਰ ਵਗ ਪਈ ਮੇਰੇ ਸੁਪਨਿਆਂ ਦੀ ਹਵਾ’, ਸਵਰਨ ਪੱਲ੍ਹਾ ਨੇ ਗੀਤ ‘ਕੈਸਾ ਤਮਾਸ਼ਾ ਹੋ ਰਿਹਾ, ਇੱਕ ਬਿਰਖ ਹੰਝੂ ਚੋ ਰਿਹਾ’ ਤਰੰਨਮ ਵਿੱਚ ਸੁਣਾ ਕੇ ਵਾਹ ਵਾਹ ਖੱਟੀ।
ਪੜ੍ਹੀਆਂ ਗਈਆਂ ਰਚਨਾਵਾਂ `ਤੇ ਉਪਰੋਕਤ ਤੋਂ ਇਲਾਵਾ ਉਘੇ ਵਿਦਵਾਨ ਜਲੌਰ ਸਿੰਘ ਖੀਵਾ, ਕਹਾਣੀਕਾਰ ਸੁਰਿੰਦਰ ਰਾਮਪੁਰੀ, ਕਹਾਣੀਕਾਰ ਸੰਦੀਪ ਸਮਰਾਲਾ (ਸਕੱਤਰ), ਸਾਹਿਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ, ਪਰਮ ਸਿਆਣ, ਜਸਵੀਰ ਸਮਰਾਲਾ, ਜਗਵੀਰ ਸਿੰਘ ਵਿੱਕੀ, ਨਿਰਭੈ ਸਿੰਘ ਸਿੱਧੂ, ਮਾ. ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਲਖਵਿੰਦਰਪਾਲ ਸਿੰਘ ਖਾਲਸਾ, ਅਮਨਦੀਪ ਕੌਸ਼ਲ ਅਤੇ ਇੰਦਰਜੀਤ ਸਿੰਘ ਕੰਗ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸੁਰਿੰਦਰ ਰਾਮਪੁਰੀ ਨੇ ਆਪਣੀ ਨਵੀਂ ਛਪ ਕੇ ਆਈ ਕਹਾਣੀਆਂ ਦੀ ਕਿਤਾਬ ‘ਸਹਿਮੀ ਬੁਲਬੁਲ ਦਾ ਗੀਤ’ ਪੰਜਾਬੀ ਸਾਹਿਤ ਸਭਾ ਨੂੰ ਭੇਟ ਕੀਤੀ।
 ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਮੀਟਿੰਗ ਦੇ ਅਖੀਰ ਵਿੱਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਵਲੋਂ ਸਾਰਿਆਂ ਦਾ ਮੀਟਿੰਗ ਵਿੱਚ ਸ਼ਾਮਿਲ ਹੋਣ ’ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।

 

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply