ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਸਰਕਾਰ ਦੇ ਯੂਥ-ਅਫੈਅਰਜ਼ ਐਂਡ ਸਪੋਰਟਸ ਮੰਤਰਾਲੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਖੇਡਾਂ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਦੇ ਅਧਾਰ ਤੇ ਚਾਰ ਖੇਡਾਂ ਦੇ ਲਈ “ਸੈਂਟਰਜ਼ ਆਫ ਐਕਸੀਲੈਂਸ ਇਨ ਸਪੋਰਟਸ” ਸਥਾਪਿਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।ਇਹ ਫ਼ੈਸਲਾ ਯੂਥ ਅਫੈਅਰਜ਼ ਅਤੇ ਸਪੋਰਟਸ ਮੰਤਰਾਲੇ ਭਾਰਤ ਸਰਕਾਰ ਵੱਲੋਂ ਦਿੱਲੀ ਵਿਚ ਹੋਈ ਇਕ ਉੱਚ-ਪੱਧਰੀ ਮੀਟਿੰਗ ਵਿਚ ਲਿਆ ਗਿਆ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜਿਹਨਾਂ ਚਾਰ ਖੇਡਾਂ ਦੇ ਲਈ ਸੈਂਟਰ ਬਣਾਉਣ ਦਾ ਐਲਾਨ ਹੋਇਆ ਹੈ, ਉਹਨਾਂ ਵਿਚ ਅਥਲੈਟਿਕਸ, ਤਲਵਾਰਬਾਜ਼ੀ, ਸਾਈਕਲਿੰਗ ਅਤੇ ਤੈਰਾਕੀ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਭਾਰਤ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਖੇਡਾਂ ਦੇ ਖੇਤਰ ਵਿਚ ਇਹ ਚਾਰ ਖੇਡ ਕੇਂਦਰ ਸਥਾਪਿਤ ਹੋਣ ਦੇ ਨਾਲ ਜਿੱਥੇ ਨੌਜਵਾਨਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮਿਲਣਗੀਆਂ ਉੱਥੇ ਉਹਨਾਂ ਦੇ ਖੇਡਾਂ ਦੇ ਖੇਤਰ (ਉਲਪਿੰਕਸ) ਵਿਚ ਅੱਗੇ ਵੱਧਣ ਲਈ ਰਾਹ ਖੁੱਲ ਜਾਵੇਗਾ।ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲਾਂ ਹੀ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਲਈ ਇਕ ਚੰਗਾ ਮਾਹੋਲ ਬਣਾਉਣ ਦੇ ਤੋਰ ਤੇ ਜਾਣੀ ਜਾਂਦੀ ਹੈ ਜਿਸ ਕਰਕੇ 23ਵਾਰ ਖੇਡਾਂ ਦੀ ਸਰਵੋਤਮ ਟਰਾਫ਼ੀ ਮੌਲਾਨਾ ਅਬੁਲ਼ ਕੁਲਾਮ ਜਿੱਤੀ ਹੈ।ਇਸ ਤੋਂ ਇਲਾਵਾ 34 ਅਰਜਨ ਐਵਾਰਡ, 2 ਦੁਰੌਣਾਚਾਰੀਆਂ ਐਵਾਰਡ, 45 ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ 6 ਪਦਮਸ੍ਰੀ ਐਵਾਰਡ ਯੂਨੀਵਰਸਿਟੀ ਦੇ ਹਿੱਸੇ ਆਏ ਹਨ।ਚਾਰ ਸੈਂਟਰਜ਼ ਆਫ ਐਕਸੀਲੈਂਸ ਇਨ ਸਪੋਰਟਸ ਸਥਾਪਿਤ ਹੋਣ ਨਾਲ ਆਉਣ ਵਾਲੀਆਂ ਉਲਪਿੰਕਸ ਗੇਮਜ਼ ਵਿਚ ਗੋਲਡ ਮੈਡਲ ਜਿੱਤਣ ਦੀ ਸੰਭਾਵਨਾ ਵੱਧ ਗਈ ਹੈ।ਇਸ ਨਾਲ ਯੂਨੀਵਰਸਿਟੀ ਵਿਚ ਖੇਡਾਂ ਪ੍ਰਤੀ ਹੋਰ ਵੀ ਜਾਗਰੂਕਤਾ ਵਧੇਗੀ।ਉਹਨਾਂ ਦੱਸਿਆ ਕਿ ਸੈਂਟਰਜ਼ ਆਫ ਐਕਸੀਲੈਂਸ ਇਨ ਸਪੋਰਟਸ ਦੇ ਲਈ ਸਾਰਾ ਫੰਡ ਭਾਰਤ ਸਰਕਾਰ ਦੇ ਯੂਥ ਅਫੈਅਰਜ਼ ਐਂਡ ਸਪੋਰਟਸ ਮੰਤਰਾਲੇ ਵੱਲੋਂ ਦਿੱਤਾ ਜਾਵੇਗਾ।
ਉਹਨਾਂ ਨੇ ਕਿਹਾ ਕਿ ਇਹਨਾਂ ਖੇਡ ਕੇਂਦਰਾਂ ਦੇ ਲਈ 10 ਤੋਂ 12 ਸਾਲ ਦੇ ਉਭਰਵੇਂ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਯੂਨੀਵਰਸਿਟੀ ਦੇ ਵਿਚ ਬਣਨ ਵਾਲੇ 200 (ਦੌ ਸੋ) ਬਿਸਤਰਿਆਂ ਵਾਲੇ ਸਪੋਰਟਸ ਹੋਸਟਲ ਵਿਚ ਠਹਿਰਾਇਆ ਜਾਵੇਗਾ ਜੋ ਯੂਥ ਅਫੈਅਰਜ਼ ਐਂਡ ਸਪੋਰਟਸ ਮੰਤਰਾਲੇ ਵੱਲੋਂ ਬਣਾਏ ਜਾਣਗੇ ਅਤੇ ਇਹ ਹੋਸਟਲ ਖਿਡਾਰੀਆਂ ਅਤੇ ਖਿਡਾਰਣਾਂ ਦੇ ਲਈ ਵੱਖੋ ਵੱਖਰੇ ਹੋਣਗੇ।ਚਾਰ ਖੇਡਾਂ ਦੇ ਲਈ ਚੁਣੇ ਜਾਣ ਵਾਲੇ ਖਿਡਾਰੀਆਂ ਲਈ ਨੇੜਲੇ ਸਕੂਲਾਂ ਵਿਚ ਸਕੂਲੀ ਸਿੱਖਿਆ ਦਾ ਪ੍ਰੰਬਧ ਕੀਤਾ ਜਾਵੇਗਾ ਅਤੇ ਜਦੋਂ ਉਹ ਉਚੇਰੀ ਸਿੱਖਿਆਂ ਦੇ ਲਾਇਕ ਹੋ ਜਾਣਗੇ ਤਾਂ ਉਹਨਾਂ ਨੂੰ ਯੂਨੀਵਰਸਿਟੀ ਵਿਚ ਦਾਖ਼ਲਾ ਦਿੱਤਾ ਜਾਵੇਗਾ ।ਖਿਡਾਰੀਆਂ `ਤੇ ਆਉਣ ਵਾਲਾ ਸਾਰਾ ਖ਼ਰਚਾ ਯੂਥ ਅਫੈਅਰਜ਼ ਐਂਡ ਸਪੋਰਟਸ ਮੰਤਰਾਲੇ ਵੱਲੋਂ ਹੀ ਚੁਕਿਆ ਜਾਵੇਗਾ।ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 10 ਖਿਡਾਰੀਆਂ ਦੇ ਮਗਰ ਇਕ ਕੋਚ ਇਸ ਸਕੀਮ ਅਧੀਨ ਨਿਯੁਕਤ ਕੀਤਾ ਜਾਵੇਗਾ ਅਤੇ ਇਹਨਾਂ ਕੋਚਾਂ ਦੀ ਅਗਵਾਈ ਹੇਠ ਹੀ ਇਹਨਾਂ ਖੇਡ ਕੇਂਦਰਾਂ ਵਿਚ ਸਾਰੀਆਂ ਖੇਡ ਗਤੀਵਧੀਆਂ ਚਲਾਈਆ ਜਾਣਗੀਆ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …