ਸਮਰਾਲਾ, 3 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਤਿੰਨੋਂ ਕਨਵੀਨਰਾਂ ਸਰਵ ਪ੍ਰੇਮ ਸਾਗਰ ਸ਼ਰਮਾ, ਠਾਕਰ ਸਿੰਘ ਫਤਿਹਗੜ੍ਹ ਸਾਹਿਬ ਅਤੇ ਮਹਿੰਦਰ ਸਿੰਘ ਫਿਰੋਜ਼ਪੁਰ ਨੇ ਅੱਜ ਇੱਥੇ ਇੱਕ ਮੀਟਿੰਗ ਉਪਰੰਤ ਇਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਮੰਗ ਕੀਤੀ ਕਿ ਪੈਨਸ਼ਨਰਜ਼ ਵੀ ਬਾਬੇ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਨਵੰਬਰ ਮਹੀਨੇ ਦੇ ਸ਼ੁਰੂ ਹੋਣ ਤੋਂ ਬਾਅਦ ਧੂਮ ਧਾਮ ਨਾਲ ਮਨਾਉਣਗੇ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਿਥੇ ਬਾਬੇ ਨਾਨਕ ਨੇ ਆਪਣਾ ਆਖਰੀ ਸਮਾਂ ਬਿਤਾਇਆ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੰਜਾਬ ਭਰ ਤੋਂ ਸਾਢੇ ਤਿੰਨ ਲੱਖ (350000) ਪੈਨਸ਼ਨਰਜ਼/ਫੈਮਲੀ ਪੈਨਸ਼ਨਰਜ਼/ਸੈਮੀ ਗੌਰਮਿੰਟ ਪੈਨਸ਼ਨਰਜ਼ ਵੱਖ-ਵੱਖ ਸਮੇਂ ਤੇ ਜਥਿਆਂ ਦੀ ਸ਼ਕਲ ਵਿੱਚ ਜਾਣਗੇ ਜਿਸ ਲਈ ਹੋਣ ਵਾਲੇ ਖਰਚੇ ਦੀ ਪੂਰਤੀ ਲਈ ਤੁਰੰਤ ਲੋੜ ਹੈ। ਇਹਨਾਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਤੁਰੰਤ ਸਰਕਾਰੀ ਪੈਨਸ਼ਨਰਾਂ ਦਾ 22 ਪ੍ਰਤੀਸ਼ਤ ਰਹਿੰਦੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਣਦੇ ਬਕਾਇਆਂ ਸਮੇਤ ਤੁਰੰਤ ਭੁਗਤਾਨ ਕਰ ਦਿੱਤਾ ਜਾਵੇ। ਉਪਰੋਕਤ ਪੈਨਸ਼ਨਰਾਂ ਦੀ ਸੂਬਾ ਪੱਧਰੀ ਜਥੇਬੰਦੀ ਵੱਲੋਂ ਕੀਤੀ ਇਸ ਮੰਗ ਨੂੰ ਖਜ਼ਾਨਾ ਖ਼ਾਲੀ ਹੋਣ ਦਾ ਰੋਣਾ ਰੋ ਕੇ ਨਾ ਰੋਕਿਆ ਜਾਵੇ ਤਾਂ ਜੋ ਧਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਆਗੂਆਂ ਆਖਿਆ ਕਿ ਪੰਜਾਬ ਭਰ ਦੇ ਪੈਨਸ਼ਨਰਾਂ ਦੀਆਂ ਧਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਹਨਾਂ ਬਜ਼ੁਰਗਾਂ ਨੂੰ ਇਨਸਾਫ਼ ਦਿੰਦੇ ਹੋਏ ਤੁਰੰਤ ਅਦਾਇਗੀ ਦੇ ਹੁਕਮ ਜਰੀ ਕੀਤੇ ਜਾਣ।ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਸਬੰਧੀ 01-01-2006 ਤੋਂ 31-12-2011 ਤੱਕ ਦੇ ਵਧੇ ਗ੍ਰੇਡ-ਪੇਅ ਅਤੇ ਆਖਰੀ ਮਿਲੀ ਤਨਖਾਹ ਸਬੰਧੀ ਅਦਾਇਗੀ ਤੇ ਲਾਈ ਰੋਕ ਤੁਰੰਤ ਹਟਾਈ ਜਾਵੇ।ਦੋਵੇਂ ਮੰਗਾਂ ਮੰਨ ਕੇ ਇਨਸਾਫ ਦਿੱਤਾ ਜਾਵੇ ਤਾਂ ਜੋ ਹੁੰਮ ਹੁਮਾ ਕੇ ਖੁਸ਼ੀ ਖੁਸ਼ੀ ਪੈਨਸ਼ਨਰਜ਼ ਵੀ ਦੁਨੀਆਂ ਭਰ ਵੱਲੋਂ ਮਨਾਏ ਜਾ ਰਹੇ ਜਸ਼ਨਾਂ ਵਿੱਚ ਸ਼ਮੂਲੀਅਤ ਕਰ ਸਕਣ।
Check Also
ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ …