Friday, September 20, 2024

ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕੁਮਾਰ ਸੁਆਮੀ ਨੂੰ ਦੱਸਿਆ ਪਾਖੰਡੀ – ਸਮਾਗਮਾਂ ‘ਤੇ ਪਾਬੰਦੀ ਦੀ ਕੀਤੀ ਮੰਗ

ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਅਤੇ ਹੋਰਨਾਂ ਵੱਖ-ਵੱਖ ਸ਼ਹਿਰਾਂ ਵਿਚ ਧਰਮ ਦੀ ਆੜ ਹੇਠ ਦੁੱਖ ਨਿਵਾਰਨ ਸਮਾਗਮਾਂ ਵਿੱਚ ਆਪਣੀ PUNJ0411201906ਕਥਿਤ ਦਿਵਯ ਪਾਠ ਸ਼ਕਤੀ ਅਤੇ ਬੀਜ਼ ਮੰਤਰ ਨਾਲ ਗੰਭੀਰ ਰੋਗਾਂ ਦਾ ਇਲਾਜ਼ ਕਰਨ ਦੇ ਝੂਠੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਲੋਕਾਂ ਨੂੰ ਅੰਧ ਵਿਸ਼ਵਾਸਾਂ ਦੀ ਦਲਦਲ ਵਿੱਚ ਫਸਾਉਣ ਤੇ ਲੁੱਟਣ ਵਾਲੇ ਇਸ ਪਾਖੰਡੀ ਕੁਮਾਰ ਸੁਆਮੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
               ਸੁਸਾਇਟੀ ਦੀ ਸਥਾਨਕ ਕੰਪਨੀ ਬਾਗ ਵਿਖੇ ਹੋਈ ਮੀਟਿੰਗ ਦੌਰਾਨ ਤਰਕਸ਼ੀਲ ਆਗੂਆਂ ਡਾ. ਸ਼ਾਮ ਸੁੰਦਰ ਦੀਪਤੀ, ਸੁਮੀਤ ਸਿੰਘ ਅਤੇ ਕਾ. ਬਲਵਿੰਦਰ ਦੁਧਾਲਾ ਨੇ ਦੋਸ਼ ਲਾਇਆ ਕਿ ਸਥਾਨਕ ਰਣਜੀਤ ਐਵੀਨਿਊ ਵਿਖੇ ਕਰਵਾਏ ਜਾ ਰਹੇ ਸਮਾਗਮ ਲਈ ਇਸ ਸਵਾਮੀ ਵਲੋਂ ਅਖਬਾਰਾਂ ਵਿਚ ਕੈਂਸਰ, ਪੀਲੀਆ, ਹੈਪੇਟਾਈਟਸ, ਦਮਾ, ਬਾਂਝਪਣ, ਲਕਵਾ, ਦਿਲ ਦੇ ਰੋਗ ਆਦਿ ਗੰਭੀਰ ਬਿਮਾਰੀਆਂ ਨੂੰ ਕਥਿਤ ਦਿਵਯ ਪਾਠ ਸ਼ਕਤੀ ਤੇ ਬੀਜ਼ ਮੰਤਰ ਨਾਲ ਠੀਕ ਕਰਨ ਦੀ ਵੱਡੇ ਪੱਧਰ ’ਤੇ ਗੈਰ ਕਾਨੂੰਨੀ ਇਸ਼ਤਿਹਾਰਬਾਜੀ ਰਾਹੀਂ ਅੰਧ ਵਿਸ਼ਵਾਸ ਫੈਲਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਜੋ ਕਿ ਡਰਗਜ਼ ਅਤੇ ਮੈਜਿਕ ਰੈਮਡੀਜ ਇਤਰਾਜਯੋਗ ਇਸ਼ਤਿਹਾਰਬਾਜੀ ਕਾਨੂੰਨ 1954 ਤਹਿਤ ਇਕ ਸਜ਼ਾਯੋਗ ਅਪਰਾਧ ਹੈ।ਪਰ ਪੰਜਾਬ ਸਰਕਾਰ ਵਲੋਂ ਇਸ ਸੁਆਮੀ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ, ਉਲਟਾ ਸਗੋਂ ਕਈ ਮੰਤਰੀ ਅਤੇ ਵਿਧਾਇਕ, ਨੇਤਾ ਅਜਿਹੇ ਸਮਾਗਮਾਂ ਦੀ ਸਿਆਸੀ ਸਰਪ੍ਰਸਤੀ ਕਰ ਰਹੇ ਹਨ।ਤਰਕਸ਼ੀਲਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਇਕ ਪਾਖੰਡੀ ਬਾਬੇ ਵਲੋਂ ਕਰਵਾਏ ਜਾ ਰਹੇ ਅਜਿਹੇ ਲੋਕ ਵਿਰੋਧੀ ਸਮਾਗਮਾਂ ‘ਤੇ ਪਾਬੰਦੀ ਲਾਈ ਜਾਵੇ।
          ਤਰਕਸ਼ੀਲ ਆਗੂਆਂ ਸੁਖਮੀਤ ਸਿੰਘ, ਜਸਪਾਲ ਬਾਸਰਕਾ ਅਤੇ ਮਨਜੀਤ ਬਾਸਰਕਾ ਨੇ ਸਵਾਲ ਕੀਤਾ ਕਿ ਜੇਕਰ ਗੰਭੀਰ ਬਿਮਾਰੀਆਂ ਦੇ ਮਰੀਜ਼ ਤੰਤਰ ਮੰਤਰ, ਪਾਠ ਪੂਜਾ ਨਾਲ ਠੀਕ ਹੋਣ ਲਗ ਜਾਣ ਤਾਂ ਫਿਰ ਸਰਕਾਰਾਂ ਵਲੋਂ ਅਰਬਾਂ ਰੁਪਏ ਖਰਚ ਕੇ ਵੱਡੇ ਵੱਡੇ ਹਸਪਤਾਲ, ਓਪਰੇਸ਼ਨ ਥੀਏਟਰ, ਪ੍ਰਯੋਗਸ਼ਾਲਾਵਾਂ ਅਤੇ ਦਵਾਈਆਂ ਦੇ ਕਾਰਖਾਨੇ ਖੋਲਣ ਦੀ ਕੀ ਲੋੜ ਹੈ।ਮੇਜਰ ਸਿੰਘ, ਰਮੇਸ਼ ਕੁਮਾਰ ਅਤੇ ਊਸ਼ਾ ਦੀਪਤੀ ਆਦਿ ਤਰਕਸ਼ੀਲ ਆਗੂਆਂ ਨੇ ਆਸਥਾ ਦੀ ਆੜ ਹੇਠ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਕੁਮਾਰ ਸੁਆਮੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਤਰਕਸ਼ੀਲ ਸੁਸਾਇਟੀ ਵਲੋਂ ਲਿਆਂਦੇ ਕਿਸੇ ਮਰੀਜ਼ ਨੂੰ ਆਪਣੀ ਦਿਵਯ ਪਾਠ ਸ਼ਕਤੀ ਨਾਲ ਨਿਯਮਤ ਸਮੇਂ ਵਿੱਚ ਠੀਕ ਕਰ ਦੇਵੇ ਤਾਂ ਉਸ ਨੂੰ ਸੁਸਾਇਟੀ ਦੀਆਂ ਸ਼ਰਤਾਂ ਤਹਿਤ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਸ ਸੁਆਮੀ ਦੇ ਬੀਜ਼ ਮੰਤਰਾਂ ਵਿੱਚ ਵਾਕਈ ਕੋਈ ਸ਼ਕਤੀ ਹੈ ਤਾਂ ਉਹ ਸਭ ਤੋਂ ਪਹਿਲਾਂ ਸਰਕਾਰੀ ਹਸਪਤਾਲਾਂ ਅਤੇ ਪਿੰਗਲਵਾੜੇ ਵਿਚ ਦਾਖਲ ਮਰੀਜ਼ਾਂ ਨੂੰ ਸਿਹਤਮੰਦ ਕਿਉ ਨਹੀਂ ਕਰ ਦਿੰਦਾ?
          ਤਰਕਸ਼ੀਲ ਆਗੂ ਸੁਮੀਤ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਗਿਆਨਕ ਸੋਚ ਰੱਖਣ ਕਿ ਉਹ ਅਜਿਹੇ ਪਾਖੰਡੀਆਂ ਦੇ ਗੈਰ ਕਾਨੂੰਨੀ ਅਤੇ ਅੰਧਵਿਸ਼ਵਾਸੀ ਪ੍ਰਚਾਰ ਨੂੰ ਕੋਈ ਅਹਿਮੀਅਤ ਨਾ ਦੇਣ ਅਤੇ ਸਿਰਫ ਡਾਕਟਰੀ ਇਲਾਜ `ਤੇ ਹੀ ਭਰੋਸਾ ਰੱਖਣ ਤਾਂ ਕਿ ਅਜਿਹੇ ਪਾਖੰਡੀਆਂ ਹੱਥੋਂ ਉਨ੍ਹਾਂ ਦੀ ਲੁੱਟ-ਖਸੁੱਟ ਨਾ ਹੋ ਸਕੇ।
          ਉਕਤ ਆਗੂਆਂ ਨੇ ਸਮੁੱਚੇ ਮੀਡੀਆ ਨੂੰ ਅਜਿਹੇ ਪਾਖੰਡੀ ਬਾਬਿਆਂ, ਤਾਂਤਰਿਕਾਂ ਅਤੇ ਜੋਤਸ਼ੀਆਂ ਦੀ ਗੈਰ ਕਾਨੂੰਨੀ ਅਤੇ ਝੂਠੀ ਇਸ਼ਤਿਹਾਰਬਾਜ਼ੀ ਬੰਦ ਕਰਨ ਦੀ ਵੀ ਅਪੀਲ ਕੀਤੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply