Thursday, November 21, 2024

ਬੇਗਾਨਾ ਘਰ (ਮਿੰਨੀ ਕਹਾਣੀ)

              ਗੁਰਜੀਤ ਨੇ ਪਿੰਡ ਦੇ ਬਾਹਰਵਾਰ ਨਵੀਂ ਕੋਠੀ ਬਣਾਉਣ ਦਾ ਫੈਸਲਾ ਕੀਤਾ ਅਤੇ ਉਸ ਨੇ ਆਪਣੀ ਘਰਵਾਲੀ ਬੰਸੋ ਨਾਲ਼ ਸਲਾਹ ਕਰਕੇ ਸ਼ਹਿਰੋਂ ਇੱਕ ਨਕਸ਼ਾ ਬਣਵਾ ਲਿਆ।ਘਰ ਦੇ ਵਿਹੜੇ ਵਿੱਚ ਸਾਰਾ ਪਰਿਵਾਰ ਬੜੇ ਈ ਚਾਅ ਨਾਲ਼ ਨਕਸ਼ੇ ਵੱਲ ਵੇਖ ਰਿਹਾ ਸੀ।ਦੋਵੇਂ ਬੱਚਿਆਂ ਦੇ ਚਿਹਰੇ ਵੀ ਖੁਸ਼ੀ ਨਾਲ਼ ਫੁੱਲੇ ਨਹੀਂ ਸਮਾ ਰਹੇ ਸਨ।ਰੀਝ ਲਾ ਕੇ ਨਕਸ਼ਾ ਦੇਖਦੀ ਹੋਈ ਗੁਰਜੀਤ ਦੀ ਬੇਟੀ ਬਲਜੀਤ ਕਹਿਣ ਲੱਗੀ,
             ” ਹਾਅ ਪਾਪਾ!! ਕਿੰਨਾ ਸੋਹਣਾ ਘਰ ਬਣੂ ਆਪਣਾ ! ਆਹ ਮੂਹਰੇ ਆਲ਼ਾ ਕਮਰਾ ਤਾਂ ਮੈ ਰੱਖੂੰਗੀ, ਨਾਲ਼ੇ ਓਹ ਉਤਲਾ ਚੁਬਾਰਾ ਵੀਂ !!”
              ਇਹ ਸੁਣਦੇ ਹੀ ਪੁੱਤਰ ਮਨਜੋਤ ਬੋਲਿਆ,
              ” ਵੱਡੀ ਆਈਂ ਐਂ!! ਅੰਏਂ ਕਿਵੇਂ ਤੂੰ ਰੱਖਂੇਗੀ!! ਓਹ ਚੁਬਾਰਾ ਤਾਂ ਬਈ ਮੇਰਾ ਐ ”
              “ਫੇਰ ਬਈ ਹੇਠਾਂ ਆਲ਼ੇ ਸਾਰੇ ਕਮਰੇ ਮੇਰੇ!!” ਬਲਜੀਤ ਮੇਰ ਮਾਰਦਿਆਂ ਬੋਲੀ।
              “ਇੱਕ ਕਮਰਾ ਮੈਂ ਹੇਠਾਂ ਤੋਂ ਵੀ ਲਊਂਗਾ, ਦਿੰਨਾਂ ਤੈਨੂੰ ਸਾਰੇ ਕਮਰੇ! ਭੂਤਨੀ ਜੀ ਨਾ ਹੋਵੇ!! ”
              ਮਨਜੋਤ ਨੂੰ ਗੁੱਸੇ ਵਿੱਚ ਆਏ ਨੂੰ ਦੇਖ ਕੇ ਬੰਸੋ ਘੂਰਦੀ ਹੋਈ ਬੋਲੀ,
       “ਕਿਉਂ ਐਵੀਂ ਜਵਾਕੜੀ ਨਾਲ਼ ਲੜੀ ਜਾਨਾਂ, ਅਕਲ ਨਹੀਂ ਤੈਨੂੰ? ਸਾਰਾ ਘਰ ਈ ਤੇਰਾ ਐ!!, ਪੰਜ-ਸੱਤ ਸਾਲਾਂ ਨੂੰ ਏਹ ਤਾਂ ਵਿਚਾਰੀ ਨੇ ਤੁਰ ਜਾਣਾ ਬੇਗਾਨੇ ਘਰੇ, ਸਾਂਭ ਲਈਂ ਫੇਰ ਆਪਦਾ ਸਾਰਾ ਘਰ!! ”
           “ਫੇਰ ਕੀ ਫੈਦਾ! ਫੇਰ ਤਾਂ ਮੈਂ ਵੀ ਨੀਂ ਐਥੇ ਰਹਿਣਾ!!” ਮਨਜੋਤ ਡੁਸਕਦਾ ਬੋਲਿਆ।
           “ਹੈਂ ਪੁੱਤ!! ਤੈਂ ਹੋਰ ਕਿੱਥੇ ਰਹਿਣਾ?” ਬੰਸੋ ਤ੍ਰਭਕ ਕੇ ਬੋਲੀ।
            ਅੱਗੋਂ ਮਨਜੋਤ ਅੱਖਾਂ ਪੂੰਝਦਾ ਬੋਲਿਆ,
   “ਬੀਬੀ!! ਮੈਂ ਤਾਂ ਪੜ੍ਹ ਕੇ, ਬਾਹਰਲੇ ਦੇਸ਼ ਜਾਊਂ, ਓਥੇ ਈ ਆਪਣਾ ਨਵਾਂ ਘਰ ਬਣਾਊਂਗਾ!! ਐਹ ਘਰੇ ਤਾਂ ਤੁਸੀਂ ਦੋਵਾਂ ਨੇ ਹੀ ਰਹਿ ਜਾਣਾ ਐ”।      
Sukhwinder Dangrh

 

 

ਮਾਸਟਰ ਸੁਖਵਿੰਦਰ ਦਾਨਗੜ੍ਹ
ਮੋ – 94171 80205 

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply