Friday, May 17, 2024

ਇਹ ਨਹੀਂ ਸਾਡਾ ਬਾਬਾ ਨਾਨਕ…

ਤੁਸੀਂ ਜੋ ਫੋਟੋ ਵਿੱਚ ਦਿਖਾਇਆ,
ਇਹ ਨਹੀਂ ਸਾਡਾ ਬਾਬਾ ਨਾਨਕ।
ਪਟਕਾ ਬੜਾ ਹੀ ਗੋਲ਼ ਸਜਾਇਆ,
ਇਹ ਨਹੀਂ ਸਾਡਾ ਬਾਬਾ ਨਾਨਕ।
ਗ਼ਲੀਚਾ ਮਖਮਲ ਦਾ ਵਿਛਾਇਆ,
ਇਹ ਨਹੀਂ ਸਾਡਾ ਬਾਬਾ ਨਾਨਕ।
ਨਾਲ ਗੁਦੇਲੇ ਢੋਅ ਲਵਾਇਆ,
ਇਹ ਨਹੀਂ ਸਾਡਾ ਬਾਬਾ ਨਾਨਕ।
ਮਹਿੰਗਾ ਬੜਾ ਹੈ ਕੁੜਤਾ ਪਾਇਆ,
ਇਹ ਨਹੀਂ ਸਾਡਾ ਬਾਬਾ ਨਾਨਕ।
ਬਿਲਕੁੱਲ ਆਪਣੇ ਜਿਹਾ ਬਣਾਇਆ,
ਇਹ ਨਹੀਂ ਸਾਡਾ ਬਾਬਾ ਨਾਨਕ।..

ਸਾਡਾ ਨਾਨਕ ਸੀ ਸਾਡੇ ਵਰਗਾ,
ਪੈਦਲ ਹੀ ਸਭ ਦੁਨੀਆ ਗਾਹੀ।
ਆਪਣੇ ਹੱਥੀਂ ਕਿਰਤ ਸੀ ਕਰਦਾ,
ਭਰਦਾ ਹੈ ਇਤਿਹਾਸ ਗਵਾਹੀ।
ਲਾਲੋ ਦੇ ਘਰ ਚੱਖਿਆ ਕੋਧਰਾ,
ਭਾਗੋ ਦੀ ਸੀ ਆਕੜ ਲਾਹੀ।
ਬਾਲ਼ੇ ਤੇ ਮਰਦਾਨੇ ਨਾਲ ਵੀ,
ਗਲ਼ ਲਾ ਸਾਰੀ ਉਮਰ ਨਿਭਾਹੀ।
ਬਾਬਰ ਹੋਏ ਜਾਂ ਸੱਜਣ, ਗੋਰਖ,
ਕੰਧ ਸਭ ਦੇ ਹੰਕਾਰ ਦੀ ਢਾਹੀ।
ਤੁਸਾਂ ਦੇ ਵਾਂਗੂੰ ਧਰਮ ਦੇ ਨਾਮ ‘ਤੇ,
ਹੱਟੀ ਨਹੀਂ ਚਲਾਉਣੀ ਚਾਹੀ।…

ਬਾਬੇ ਦੇ ਜੇ ਵਾਰਿਸ ਬਣਨਾ,
ਸਿੱਖਿਆ ਉਤੇ ਅਮਲ ਕਮਾਓ ।
ਨਾਮ ਤੇ ਫੋਟੋ ਵਰਤ ਬਾਬੇ ਦੀ,
ਆਪਣਾ ਨਾ ਵਪਾਰ ਚਲਾਓ।
ਜ਼ਬਰ-ਜ਼ੁਲਮ ਜੋ ਕਰਦੈ ਉਸ ਨੂੰ,
ਸ਼ੀਂਹ-ਕੁੱਤੇ ਤਾਈਂ ਆਖ ਸੁਣਾਓ।
ਧਰਮ ਨਾ ਵਰਤੋ ਵਿੱਚ ਸਿਆਸਤ,
ਭਾਈਆਂ ਵਿੱਚ ਕਦੇ ਫੁੱਟ ਨਾ ਪਾਓ।
ਜਾਤ-ਪਾਤ ਦਾ ਭੇਦ ਮਿਟਾ ਕੇ,
ਸਾਰਿਆਂ ਨੂੰ ਹੀ ਗਲ਼ ਨਾਲ ਲਾਓ ।
ਜਿਸ ਕੁਦਰਤ ਨੂੰ ਉਸ ਵਡਿਆਇਆ,
ਧਰਤੀ, ਪਾਣੀ, ਹਵਾ ਬਚਾਓ।…
Gurpreet Rangilpur

 

 

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 98552 07071

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply