550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸੂਬਾ ਸਰਕਾਰ ਦਾ ਨਿਵੇਕਲਾ ਉਪਰਾਲਾ – ਡਿੰਪਾ
ਜੰਡਿਆਲਾ/ ਬਿਆਸ, 15 ਨਵੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ
ਸਮਰਪਿਤ ਬਿਆਸ ਦਰਿਆ ’ਚ ਸ਼ੁਰੂ ਹੋਏ ਚਾਰ ਰੋਜ਼ਾ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ ਨੂੰ ਜ਼ਿਲਾ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।ਦੇਰ ਸ਼ਾਮ ਹੋਏ ਸ਼ੋਅ ਦੌਰਾਨ ਬਿਆਸ ਦਰਿਆ ’ਚੋਂ ਨਿਕਲੀ ਅਲੌਕਿਕ ਰੌਸ਼ਨੀ ਨੇ ਜਿਥੇ ਚੁਫੇਰਾ ਜਗਮਗਾ ਦਿੱਤਾ, ਉਥੇ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਨੇ ਬਹੁਤ ਹੀ ਨਿਮਰਤਾ ਅਤੇ ਸ਼ਰਧਾ ਨਾਲ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਆਧੁਨਿਕ ਤਕਨੀਕ ਰਾਹੀਂ ਜਾਣਕਾਰੀ ਹਾਸਲ ਕੀਤੀ।
ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਸ਼ੋਅ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ।ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦਾਸੀਆਂ ਨੂੰ ‘ਸ਼ੋੋਅ’ ਦੌਰਾਨ ਰੂਪਮਾਨ ਕੀਤਾ ਗਿਆ ਹੈ।ਉਨਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ 4 ਮਹੀਨਿਆਂ ਤੱਕ ਚੱਲਣ ਵਾਲੇ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ ਦੌਰਾਨ ਗੁਰੂ ਸਾਹਿਬ ਦੇ ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਦੀਆਂ ਸਿੱਖਿਆਵਾਂ ਬਾਰੇ ਸੂਬਾ ਵਾਸੀਆਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਦਾ ਇਹ ਇੱਕ ਢੁਕਵਾਂ ਯਤਨ ਹੈ। ਉਨਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਸਮਾਜ ਦੀ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖਿਲਾਫ਼ ਹਮੇਸ਼ਾਂ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ।
ਵਿਧਾਇਕ ਸੰਤੋਖ ਸਿੰਘ ਭਲਾਈਪੁਰਾ ਨੇ ਕਿਹਾ ਕਿ ‘ਫਲੋਟਿੰਗ ਲਾਈਟ ਐਂਡ ਸਾੳੂਂਡ ਸ਼ੋਅ’ ਕਰਵਾਉਣ ਦਾ ਮੁੱਖ ਮੰਤਵ ਮਨੁੱਖਤਾ ਨੂੰ ਸ਼ਾਂਤੀ ਤੇ ਸਦਭਾਵਨਾ ਦਾ ਸੁਨੇਹਾ ਦੇਣ ਦੇ ਨਾਲ-ਨਾਲ ਨੌਜਵਾਨ ਪੀੜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਦਭਾਵਨਾ, ਸ਼ਾਂਤੀ, ਭਾਈਚਾਰੇ ਵਾਲੇ ਫਲਸਫੇ ਤੇ ਜੀਵਨ ਬਾਰੇ ਜਾਣੂ ਕਰਵਾਉਣਾ ਵੀ ਹੈ।
ਇਸ ਮੌਕੇ ਜਿਲ੍ਹਾ ਤੇ ਸ਼ੈਸ਼ਨ ਜੱਜ ਕੇ.ਐਸ ਕੰਗ ਆਪਣੇ ਪਰਿਵਾਰ ਸਮੇਤ, ਸੈਕਟਰੀ ਲੀਗਲ ਸਰਵਿਸ ਅਥਾਰਟੀ ਸੁਮਿਤ ਮੱਕੜ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ ਮੇਜਰ ਸੁਮਿਤ ਮੁੱਧ, ਡੀ.ਐਸ.ਪੀ ਹਰਕ੍ਰਿਸ਼ਨ ਸਿੰਘ ਹਾਜਰ ਸਨ।
Punjab Post Daily Online Newspaper & Print Media