ਕਪੂਰਥਲਾ, 27 ਨਵੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਡੀ.ਪੀ ਐਸ ਖਰਬੰਦਾ ਨੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ
ਪਾਲਣਾ ਵਿੱਚ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1973 ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਕਪੂਰਥਲਾ ਦੀ ਹੱਦ ਅੰਦਰ ਕੋਈ ਵੀ ਅਵਾਜ਼ੀ ਪ੍ਰਦੂਸ਼ਣ/ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤ ਵਾਲੇ ਅਤੇ ਕਿਸੇ ਤਰ੍ਹਾਂ ਦੀ ਅਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰ੍ਹਾਂ ਦੇ ਪਟਾਖਿਆਂ ਅਤੇ ਆਤਿਸ਼ਬਾਜ਼ੀ ਚਲਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਗੂ ਹੋਵੇਗੀ।ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁੱਲਝੜੀਆਂ ’ਤੇ ਲਾਗੂ ਨਹੀਂ ਹੋਵੇਗੀ।
ਇਸੇ ਤਰ੍ਹਾਂ ਗੱਡੀਆਂ ਆਦਿ ਵਿਚ ਕਿਸੇ ਤਰ੍ਹਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰ੍ਹਾਂ ਦੀ ਅਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜਿਆਦਾ ਅਵਾਜ਼ ਕਰਨ ਵਾਲੇ ਹਾਰਨ ਨੂੰ ਵਜਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ।ਸਿਰਫ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਹਾਰਨ, ਜੋ ਅਵਾਜ਼ੀ ਪ੍ਰਦੂਸ਼ਣ ਤੋਂ ਰਹਿਤ ਹੋਣ, ਉਹ ਹੀ ਨਿਰਧਾਰਤ ਅਵਾਜ਼ ਵਿਚ ਵਜਾਏ ਜਾ ਸਕਦੇ ਹਨ।
ਇਸ ਤੋਂ ਇਲਾਵਾ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮੌਲਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਮੇਲਿਆਂ ਆਦਿ ਵਿਚ ਉਚੀ ਅਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜਿਕ ਅਤੇ ਅਸ਼ਲੀਲ ਗੀਤ ਚਲਾਏ ਜਾਣ ’ਤੇ ਪੂਰਨ ਪਾਬੰਦੀ ਹੋਵੇਗੀ।
ਇਸੇ ਤਰ੍ਹਾਂ ਸਾਇਲੈਂਸ ਜ਼ੋਨ, ਜਿਵੇਂ ਕਿ ਮੰਤਰਾਲਾ, ਜੰਗਲਾਤ, ਹਸਪਤਾਲਾਂ, ਵਿੱਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਵੀ ਏਰੀਆ, ਜਿਹੜਾ ਕਿ ਸਮਰੱਥ ਅਧਿਕਾਰੀ ਵੱਲੋਂ ਸਾਈਲੈਂਸ ਜ਼ੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਵਿੱਚ ਆਤਿਸ਼ਬਾਜ਼ੀ/ਪਟਾਖਿਆਂ/ਲਾੳੂਡ ਸਪੀਕਰਾਂ/ਪ੍ਰੈਸ਼ਰ ਹਾਰਨਾਂ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ ’ਤੇ ਪੂਰਨ ਪਾਬੰਦੀ ਹੋਵੇਗੀ।
ਖਾਸ ਹਾਲਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਊਡ ਸਪੀਕਰ ਅਤੇ ਅਧਿਕਾਰਤ ਮੈਰਿਜ ਪੈਲੇਸਾਂ ਵਿਚ ਡੀ.ਜੇ/ਆਰਕੈਸਟਰਾ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ ਨੁਆਇਸ) ਐਕਟ 1956 ਵਿਚ ਦਰਜ਼ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਇਆ ਜਾਵੇਗਾ।
ਸਬੰਧਤ ਉੱਪ ਮੰਡਲ ਮੈਜਿਸਟ੍ਰੇਟ ਪਾਸੋਂ ਲੋੜੀਂਦੀ ਮਨਜੂਰੀ ਲੈਣ ਦੇ ਬਾਵਜੂਦ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੱਲੋਂ ਵੀ ਕਿਸੇ ਵੀ ਥਾਂ ’ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ/ਡੀ. ਜੇ/ਸੰਗੀਤਕ ਯੰਤਰ/ਐਡਰੈਸ ਸਿਸਟਮ ਆਦਿ ਦੀ ਅਵਾਜ਼ੀ ਸੀਮਾ ਸਬੰਧਤ ਜਗ੍ਹਾ ਦੇ ਅਵਾਜ਼ੀ ਸਟੈਂਡਰਡ ਸੀਮਾ ਤੋਂ ਵੱਧ ਨਹੀਂ ਹੋਵੇਗੀ।
ਜ਼ੋਨ ਦੀ ਸ਼੍ਰੇਣੀ ਅਨੁਸਾਰ ਇੰਡਸਟ੍ਰੀਅਲ ਏਰੀਆ ਵਿਚ ਅਵਾਜ਼ੀ ਸੀਮਾ ਦਿਨ ਵੇਲੇ 75 ਡੈਸੀਬਲ ਅਤੇ ਰਾਤ ਵੇਲੇ 70 ਡੈਸੀਬਲ ਤੋਂ ਵੱਧ ਨਹੀਂ ਹੋਣੀ ਚਾਹੀਦੀ।ਇਸੇ ਤਰ੍ਹਾਂ ਵਪਾਰਕ ਇਲਾਕੇ ਵਿੱਚ ਦਿਨ ਵੇਲੇ 65 ਡੈਸੀਬਲ ਅਤੇ ਰਾਤ ਵੇਲੇ 55 ਡੈਸੀਬਲ, ਰਿਹਾਇਸ਼ੀ ਇਲਾਕੇ ਵਿਚ 55 ਡੈਸੀਬਲ ਅਤੇ ਰਾਤ ਵੇਲੇ 45 ਡੈਸੀਬਲ ਅਤੇ ਸਾਈਲੈਂਸ ਜ਼ੋਨ ਵਿੱਚ ਦਿਨ ਵੇਲੇ 50 ਡੈਸੀਬਲ ਅਤੇ ਰਾਤ ਵੇਲੇ 40 ਡੈਸੀਬਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸਵੇਰੇ 6 ਤੋਂ ਰਾਤ 10 ਵਜੇ ਤੱਕ ਦੇ ਸਮੇਂ ਨੂੰ ਦਿਨ ਦਾ ਸਮਾਂ ਅਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਦੇ ਸਮੇਂ ਨੂੰ ਰਾਤ ਦਾ ਸਮਾਂ ਮੰਨਿਆ ਜਾਵੇਗਾ।
ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ। ਇਹ ਹੁਕਮ 25 ਜਨਵਰੀ 2020 ਤੱਕ ਲਾਗੂ ਰਹਿਣਗੇ।
ਜਾਰੀ ਹੁਕਮਾਂ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਅਵਾਜ਼ੀ ਪ੍ਰਦੂਸ਼ਣ ਨਾਲ ਹਰ ਵਰਗ ਦੇ ਵਿਅਕਤੀਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ, ਜਿਸ ਨਾਲ ਆਮ ਲੋਕਾਂ ਅਤੇ ਬੱਚਿਆਂ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵਿਘਨ ਪੈਦਾ ਹੈ।ਇਸ ਨਾਲ ਅਮਨ-ਸ਼ਾਂਤੀ ਭੰਗ ਹੋਣ ਦਾ ਅੰਦੇਸ਼ਾ ਹੈ, ਜਿਸ ਕਾਰਨ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media