ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਤੋਂ ਮਰੀਜ਼ਾਂ ਨੂੰ ਮਿਲੀ ਵੱਡੀ ਰਾਹਤ-ਸਿਵਲ ਸਰਜਨ
ਭੀਖੀ/ਮਾਨਸਾ, 30 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਪੰਜਾਬ ਸਰਕਾਰ ਅਤੇ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੇ ਸਹਿਯੋਗ ਨਾਲ ਕੈਂਸਰ ਪ੍ਰਭਾਵਿਤ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੀ ਹੈ।ਜਿੰਨ੍ਹਾਂ ਨੂੰ ਹੁਣ ਸਬਸਿਡੀ ਵਾਲੇ ਕੈਂਸਰ ਦੇ ਇਲਾਜ ਲਈ ਬੀਕਾਨੇਰ ਜਾਣ ਦੀ ਜ਼ਰੂਰਤ ਨਹੀਂ ਹੈ।ਸਬਸਿਡੀ ਵਾਲੇ ਰੇਟਾਂ ‘ਤੇ ਕੈਂਸਰ ਦਾ ਸਰਬੋਤਮ ਇਲਾਜ ਹੁਣ ਹੋਮੀ ਭਾਭਾ ਹਸਪਤਾਲ ਸੰਗਰੂਰ ਵਿਖੇ ਉਪਲੱਬਧ ਹੈ।
ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਕੈਂਸਰ ਦੀ ਰੋਕਥਾਮ ਅਤੇ ਇਲਾਜ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਆਯੋਜਿਤ ਪੰਜ ਰੋਜ਼ਾ ਵਰਕਸ਼ਾਪ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੱਤੀ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਹੋਮੀ ਭਾਭਾ ਕੈਂਸਰ ਹਸਪਤਾਲ (ਐਚ.ਬੀ.ਸੀ.ਐੱਚ) ਸੰਗਰੂਰ ਅਤੇ ਟਾਟਾ ਮੈਮੋਰੀਅਲ ਸੈਂਟਰ (ਟੀ.ਐਮ.ਸੀ) ਮੁੰਬਈ ਇਸ ਸਮਾਰੋਹ ਦਾ ਆਯੋਜਨ ਕਰ ਰਹੇ ਹਨ।ਵਰਕਸ਼ਾਪ ਦੌਰਾਨ ਮੈਡੀਕਲ ਅਧਿਕਾਰੀ, ਕਮਿਊਨਿਟੀ ਸਿਹਤ ਅਧਿਕਾਰੀ, ਆਸ਼ਾ ਵਰਕਰ, ਏ.ਐਨ.ਐਮਜ਼ ਅਤੇ ਆਂਗਣਵਾੜੀ ਵਰਕਰਾਂ ਨੂੰ ਲੋਕਾਂ ਕੈਂਸਰ ਦੀ ਛੇਤੀ ਪਹਿਚਾਣ ਬਾਰੇ ਦੱਸਣ ਦੇ ਤਰੀਕਿਆਂ ਬਾਰੇ ਸੰਵੇਦਨਸ਼ੀਲ ਕੀਤਾ ਗਿਆ।
ਡਾ. ਲਾਲ ਚੰਦ ਠਕਰਾਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਕੈਂਸਰ ਦੇ ਮਰੀਜਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜਲਦ ਹੀ ਐਚ.ਬੀ.ਸੀ ਸੰਗਰੂਰ ਵਲੋਂ ਇਕ ਰੋਜ਼ਾ ਓ.ਪੀ.ਡੀ ਸਿਵਲ ਹਸਪਤਾਲ ਮਾਨਸਾ ਵਿਖੇ ਸ਼ੁਰੂ ਕੀਤੀ ਜਾਵੇਗੀ। ਐਚ.ਬੀ.ਸੀ.ਸੀ ਸੰਗਰੂਰ ਵਿਖੇ ਉਪਲਬਧ ਸਹੂਲਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਂਸਰ ਦੇ ਇਲਾਜ਼ ਲਈ ਕੀਮੋਥੈਰੇਪੀ ਦੀਆਂ ਦਵਾਈਆਂ 67 ਫ਼ੀਸਦੀ ਸਬਸਿਡੀ ਦਰਾਂ ਤੇ ਉਪਲਬਧ ਹਨ।ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਤਹਿਤ ਮਰੀਜ਼ਾਂ ਨੂੰ 1.5 ਲੱਖ ਰੁਪਏ ਤੱਕ ਦਾ ਮੁਫਤ ਇਲਾਜ਼ ਦਿੱਤਾ ਜਾਂਦਾ ਹੈ।
ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮਾਨਸਾ ਵਿਖੇ ਕੈਂਸਰ ਦੇ ਮਰੀਜਾਂ ਦੀ ਗਿਣਤੀ 1 ਲੱਖ ਦੀ ਆਬਾਦੀ ਪਿੱਛੇ 57 ਮਰੀਜ਼ਾਂ ਦੀ ਹੈ।ਸਰਕਾਰ ਨੇ ਘਰ-ਘਰ ਸਰਵੇ ਕੀਤਾ, ਜਿਸ ਦੌਰਾਨ ਮਾਨਸਾ ਵਿਖੇ ਕੈਂਸਰ ਦੇ 450 ਮਰੀਜ਼ ਰਜਿਸਟਰਡ ਹੋਏੇ।ਉਪਲਬਧ ਅੰਕੜਿਆਂ ਅਨੁਸਾਰ ਮਰਦਾਂ ਨਾਲੋ ਔਰਤਾਂ ਵਧੇਰੇ ਕੈਂਸਰ ਨਾਲ ਗ੍ਰਸਤ ਹਨ।
ਐਚ.ਬੀ.ਸੀ ਸੰਗਰੂਰ ਤੋਂ ਡਾ. ਪ੍ਰਮੋਦ ਖਰਾੜੇ, ਟੀ.ਐਮ.ਸੀ ਮੁੰਬਈ ਤੋਂ ਅੰਬੂਮਨੀ, ਟੀ.ਐਮ.ਸੀ ਡਾ. ਸ਼ਰਮੀਲਾ ਪਿੰਪਲੇ, ਟੀ.ਐਮ.ਸੀ ਮੁੰਬਈ ਤੋਂ ਡਾ. ਗੌਰਵੀ ਮਿਸ਼ਰਾ, ਸ੍ਰੀਮਤੀ ਪਰੇਸ਼ੀ ਮਜ਼ੁਮਦਾਰ ਸੀਨੀਅਰ ਮੈਡੀਕਲ ਸਮਾਜ ਸੇਵਕ, ਸ੍ਰੀਮਤੀ ਅਨੁਰਾਧਾ ਸੀਨੀਅਰ ਮੈਡੀਕਲ ਸਮਾਜ ਸੇਵਕ, ਡਾ. ਡੋਲੋਰੋਸਾ ਸੀਨੀਅਰ ਰੈਜ਼ੀਡੈਂਟ ਟੀ.ਐਮ.ਸੀ ਮੁੰਬਈ ਅਤੇ ਡਾ. ਵਸੁੰਧਰਾ ਸੀਨੀਅਰ ਪ੍ਰੋਜੈਕਟ ਮੈਨੈਜ਼ਰ ਟੀ.ਐਮ.ਸੀ ਨੇ ਸਮੂਹ ਹਾਜਰੀਨ ਨੂੰ ਕੈਂਸਰ ਦੀਆਂ ਕਿਸਮਾਂ, ਰੋਕਥਾਮ ਅਤੇ ਇਲਾਜ ਬਾਰੇ ਸੰਬੋਧਨ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਡੀ.ਐਮ.ਸੀ ਡਾ. ਰਣਜੀਤ ਸਿੰਘ ਰਾਏ ਵੀ ਮੌਜੂਦ ਸਨ।