ਸ਼੍ਰੋਮਣੀ ਕਮੇਟੀ ਵਲੋਂ ਡਾ. ਰੂਪ ਸਿੰਘ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪ੍ਰਸਿੱਧ ਬਾਲੀਵੁੱਡ ਕਲਾਕਾਰ ਆਮਿਰ ਖਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਉਨ੍ਹਾਂ ਕਰੀਬ 50 ਮਿੰਟ ਗੁਰਬਾਣੀ ਦਾ ਇਲਾਹੀ ਕੀਰਤਨ ਸਰਵਣ ਕੀਤਾ ਤੇ ਅਰਦਾਸ ਵਿੱਚ ਵੀ ਸ਼ਾਮਲ ਹੋਏ।ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਇਥੇ ਸਥਿਤ ਹੋਰ ਅਸਥਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਇਸ ਤੋਂ ਇਲਾਵਾ ਡਾ. ਰੂਪ ਸਿੰਘ ਨੇ ਆਮਿਰ ਖਾਨ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਰਵਾਇਤਾਂ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਅਤੇ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਹਮਲੇ ਸਬੰਧੀ ਵੀ ਜਾਣਕਾਰੀ ਦਿੱਤੀ।ਆਮਿਰ ਖਾਨ ਨੇ ਕਿਹਾ ਕਿ ਗੁਰਬਾਣੀ ਕੀਰਤਨ ਸਰਵਣ ਕਰਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਮਿਲਿਆ ਹੈ।ਆਪਣੀ ਨਵੀਂ ਆ ਰਹੀ ਫਿਲਮ ਲਾਲ ਸਿੰਘ ਚੱਢਾ ਬਾਰੇ ਆਮਿਰ ਖਾਨ ਨੇ ਕਿਹਾ ਕਿ ਸਿੱਖ ਕਿਰਦਾਰ ਨਿਭਾਅ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੇ ਆਮਿਰ ਖਾਨ ਨੇ ਸਿੱਖ ਧਰਮ ਅਤੇ ਖ਼ਾਸਕਰ ਸਿੱਖ ਯੋਧਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਵਿਸ਼ੇਸ਼ ਰੁਚੀ ਦਿਖਾਈ।ਡਾ. ਰੂਪ ਸਿੰਘ ਨੇ ਆਮਿਰ ਖਾਨ ਨੂੰ ਸਿੱਖ ਇਤਿਹਾਸ ਦੇ ਅਹਿਮ ਪਾਤਰ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਇਤਿਹਾਸ ਸਬੰਧੀ ਫਿਲਮ ਬਣਾਉਣ ਦੀ ਪ੍ਰੇਰਣਾ ਕੀਤੀ।ਡਾ. ਰੂਪ ਸਿੰਘ ਨੇ ਇਸ ਸਬੰਧ ਵਿਚ ਇਤਿਹਾਸਕ ਸਕਰਿਪਟ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕਰਦਿਆਂ ਆਮਿਰ ਖਾਨ ਨੂੰ ਦੱਸਿਆ ਕਿ ਸਰਦਾਰ ਹਰੀ ਸਿੰਘ ਨਲਵਾ ਦੀ ਗੌਰਵ ਗਾਥਾ ਵਿਸ਼ਵ ਇਤਿਹਾਸ ਵਿਚ ਅਹਿਮ ਸਥਾਨ ਰੱਖਦੀ ਹੈ।ਉਸ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਕੀਤੀ ਗਈ ਅਫਗਾਨਿਸਤਾਨ ਦੀ ਜਿੱਤ ਦਾ ਕੋਈ ਸਾਨੀ ਨਹੀਂ।ਆਮਿਰ ਖਾਨ ਨੇ ਕਿਹਾ ਕਿ ਇਸ ਵਿਚਾਰ ਨੂੰ ਅਮਲ ਵਿਚ ਲਿਆਉਣ ਸੰਜ਼ੀਦਾ ਯਤਨ ਕਰਨਗੇ।ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਤੋਂ ਬੇਹੱਦ ਪ੍ਰਭਾਵਿਤ ਹਨ ਅਤੇ ਸਿੱਖ ਇਤਿਹਾਸ ਸਬੰਧੀ ਫਿਲਮ ਬਣਾਉਣਾ ਉਨ੍ਹਾਂ ਦੀ ਖੁਸ਼ਕਿਸਮਤੀ ਹੋਵੇਗੀ।ਆਮਿਰ ਖਾਨ ਨੂੰ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ ਤੇ ਹੋਰਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਜਗਜੀਤ ਸਿੰਘ ਬੜੂ ਸਾਹਿਬ ਵਾਲੇ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ, ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ, ਹਰਭਜਨ ਸਿੰਘ ਵਕਤਾ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਸਮੇਤ ਹੋਰ ਹਾਜ਼ਰ ਸਨ।