ਖੇਡ ਮੰਤਰੀ ਰਾਣਾ ਸੋਢੀ ਨੇ ਕੀਤਾ ਉਦਘਾਟਨ- 10 ਦਸੰਬਰ ਤੱਕ ਵੱਖ-ਵੱਖ ਸ਼ਹਿਰਾਂ ‘ਚ ਹੋਣਗੇ ਮੈਚ
ਸੁਲਤਾਨਪੁਰ ਲੋਧੀ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦਾ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ ਤੋਂ ਸ਼ਾਨਦਾਰ ਆਗਾਜ਼ ਹੋ ਗਿਆ। ਇਸ ਮੈਗਾ ਟੂਰਨਾਮੈਂਟ ਦਾ ਸ਼ੁੱਭ ਆਰੰਭ ਪੰਜਾਬ ਦੇ ਖੇਡ ਅਡੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ।ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਰਾਣਾ ਗੁਰਜੀਤ ਸਿੰਘ ਦੀ ਹਾਜ਼ਰੀ ਵਿਚ ਖੇਡ ਮੰਤਰੀ ਵੱਲੋਂ ਟੂਰਨਾਮੈਂਟ ਵਿਚ ਸ਼ਿਰਕਤ ਕਰ ਰਹੀਆਂ 8 ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਟੀਮਾਂ ਦੇ ਕਪਤਾਨਾਂ ਨਾਲ ਜਾਣ-ਪਛਾਣ ਵੀ ਕੀਤੀ।ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਰਵਾਇਤੀ ਅਤੇ ਵਿਰਾਸਤੀ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਕਬੱਡੀ ਪੰਜਾਬ ਦੀ ਮਾਂ ਖੇਡ ਹੈ ਅਤੇ ਸੂਬਾ ਸਰਕਾਰ ਅਜਿਹੇ ਟੂਰਨਾਮੈਂਟਾਂ ਰਾਹੀਂ ਇਸ ਨੂੰ ਪ੍ਰਫੁਲਿੱਤ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਅਸੀਂ ਵਡਭਾਗੇ ਹਾਂ, ਜਿਨ੍ਹਾਂ ਨੂੰ ਆਪਣੇ ਜੀਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ ਦਿੱਤਾ।
ਉਨ੍ਹਾਂ ਦੱਸਿਆ ਕਿ ਚਿਰਾਂ ਤੋਂ ਉਡੀਕੇ ਜਾ ਰਹੇ 10 ਦਸੰਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮੈਚ ਖੇਡੇ ਜਾਣਗੇ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਵਿਸ਼ਾਲ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜਿਨ੍ਹਾਂ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟੇਲੀਆ, ਇੰਗਲੈਂਡ, ਸ੍ਰੀ ਲੰਕਾ, ਨਿੳੂਜ਼ੀਲੈਂਡ ਅਤੇ ਕੀਨੀਆ ਸ਼ਾਮਿਲ ਹਨ। ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ, ਪੂਲ ‘ਏ’ ਵਿਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ੍ਰੀ ਲੰਕਾ ਹਨ ਜਦਕਿ ਪੂਲ ‘ਬੀ’ ਵਿਚ ਕੈਨੇਡਾ, ਅਮਰੀਕਾ, ਨਿੳੂਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ। ਇਨ੍ਹਾਂ ਟੀਮਾਂ ਵਿਚ 144 ਖਿਡਾਰੀ ਅਤੇ ਆਫੀਸ਼ੀਅਲ ਸ਼ਾਮਿਲ ਹਨ, ਜਿਨ੍ਹਾਂ ਦੇ ਮੈਚ ਸੁਲਤਾਨਪੁਰ ਲੋਧੀ ਤੋਂ ਇਲਾਵਾ ਅੰਮਿ੍ਰਤਸਰ, ਫ਼ਿਰੋਜ਼ਪੁਰ, ਬਠਿੰਡਾ, ਪਟਿਆਲਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ ਜਦਕਿ ਫਾਈਨਲ ਮੈਚ 10 ਦਸੰਬਰ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਹੋਵੇਗਾ।ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 25 ਲੱਖ, ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 15 ਲੱਖ ਰੁਪਏ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਦਾ ਪਵਿੱਤਰ ਨਗਰੀ ਪਹੁੰਚਣ ’ਤੇ ਸਵਾਗਤ ਕੀਤਾ।ਉਨ੍ਹਾਂ ਇਸ ਮੈਗਾ ਟੂਰਨਾਮੈਂਟ ਦਾ ਆਗਾਜ਼ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਨੌਜਵਾਨਾਂ ਦੀ ੳੂਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਲਈ ਬੇਹੱਦ ਸਹਾਈ ਸਿੱਧ ਹੋਵੇਗਾ।
ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਕੰਠ ਕਲੇਰ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।ਇਸ ਤੋਂ ਇਲਾਵਾ ਗਿੱਧੇ ਅਤੇ ਭੰਗੜੇ ਦੀਆਂ ਧਮਾਲਾਂ ਵੀ ਪਈਆਂ।ਟੀਮਾਂ ਦਾ ਸ਼ਾਨਦਾਰ ਮਾਰਚ ਪਾਸਟ ਹੋਇਆ ਅਤੇ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ।
ਇਸ ਮੌਕੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ.ਪੀ.ਐਸ ਖਰਬੰਦਾ, ਡਾਇਰੈਕਟਰ ਖੇਡਾਂ ਸੰਜੇ ਪੋਪਲੀ, ਐਸ.ਐਸ.ਪੀ ਕਪੂਰਥਲਾ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਚੇਅਰਮੈਨ ਪਨਸਪ ਤਜਿੰਦਰ ਸਿੰਘ ਬਿੱਟੂ, ਚੇਅਰਮੈਨ ਪੰਜਾਬ ਯੁਵਕ ਵਿਕਾਸ ਬੋਰਡ ਸੁਖਵਿੰਦਰ ਸਿੰਘ ਬਿੰਦਰਾ ਤੇ ਮੈਂਬਰ ਡਾ. ਆਂਚਲ ਅਰੋੜਾ, ਐਸ.ਡੀ.ਐਮ ਡਾ. ਚਾਰੂਮਿਤਾ, ਵਰਿੰਦਰ ਪਾਲ ਸਿੰਘ ਬਾਜਵਾ, ਲਤੀਫ ਅਹਿਮਦ ਤੇ ਰਣਦੀਪ ਸਿੰਘ ਹੀਰ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਸ਼ਿਖਾ ਭਗਤ, ਡਿਪਟੀ ਡਾਇਰੈਕਟਰ ਖੇਡਾਂ ਕਰਤਾਰ ਸਿੰਘ, ਡਾਇਰੈਕਟਰ ਟੂਰਨਾਮੈਂਟ ਤਜਿੰਦਰ ਸਿੰਘ ਮਿੱਡੂ ਖੇੜਾ, ਡੀ.ਸੀ.ਐਫ.ਏ ਪਵਨ ਕਪੂਰ, ਸੁਖਰਾਜ ਸਿੰਘ ਰਾਜਨ ਸਿੱਧੂ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਜ਼ਿਲ੍ਹਾ ਖੇਡ ਅਫ਼ਸਰ ਪਰਦੀਪ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ, ਪ੍ਰਿੰਸੀਪਲ ਐਸ.ਐਸਰੰਧਾਵਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਐਵਾਰਡੀ ਅਤੇ ਕਬੱਡੀ ਨਾਲ ਜੁੜੀਆਂ ਸ਼ਖਸੀਅਤਾਂ ਹਾਜ਼ਰ ਸਨ।ਮੰਚ ਦਾ ਸੰਚਾਲਨ ਡੀ.ਪੀ.ਆਰ.ਓ ਇਸ਼ਵਿੰਦਰ ਸਿੰਘ ਗਰੇਵਾਲ ਅਤੇ ਮੈਡਮ ਬਲਜੀਤ ਕੌਰ ਦਿਓਲ ਨੇ ਬਾਖੂਬੀ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media