ਸੁਲਤਾਨਪੁਰ ਲੋਧੀ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦਾ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ ਤੋਂ ਪੰਜਾਬ ਦੇ ਖੇਡ ਅਡੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਆਗਾਜ਼ ਕੀਤਾ ਗਿਆ।
ਅੱਜ ਸੁਲਤਾਨਪੁਰ ਲੋਧੀ ਵਿਖੇ ਟੂਰਨਾਮੈਂਟ ਦੇ ਤਿੰਨ ਲੀਗ ਮੈਚ ਖੇਡੇ ਗਏ। ਪਹਿਲਾ ਮੈਚ ਇੰਗਲੈਂਡ ਅਤੇ ਸ੍ਰੀ ਲੰਕਾ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ ਵਿਚ ਇੰਗਲੈਂਡ ਨੇ ਇਕਪਾਸੜ ਮੁਕਾਬਲੇ ਵਿਚ ਸ੍ਰੀ ਲੰਕਾ ਨੂੰ 66-21 ਨਾਲ ਮਾਤ ਦਿੱਤੀ।ਪਹਿਲੇ ਅੱਧ ਤੱਕ ਇੰਗਲੈਂਡ ਦੀ ਟੀਮ 29-13 ਅੰਕਾਂ ਨਾਲ ਅੱਗੇ ਚੱਲ ਰਹੀ ਸੀ ਪਰੰਤੂ ਦੂਜੇ ਅੱਧ ਵਿਚ ਇੰਗਲੈਂਡ ਨੇ ਮੁਕਾਬਲਾ ਇਕਤਰਫ਼ਾ ਬਣਾ ਦਿੱਤਾ।
ਦੂਜਾ ਮੈਚ ਕੈਨੇਡਾ ਅਤੇ ਕੀਨੀਆ ਦਰਮਿਆਨ ਹੋਇਆ, ਜਿਸ ਵਿਚ ਕੈਨੇਡਾ ਨੇ ਕੀਨੀਆ ਨੂੰ 57-30 ਅੰਕਾਂ ਦੇ ਫਰਕ ਨਾਲ ਹਰਾਇਆ।ਇਸ ਮੈਚ ਵਿਚ ਪਹਿਲੇ ਅੱਧ ਤੱਕ ਕੈਨੇਡਾ ਦੀ ਟੀਮ 36-20 ਅੰਕਾਂ ਨਾਲ ਅੱਗੇ ਸੀ।
ਇਸੇ ਤਰ੍ਹਾਂ ਅਮਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਬੇਹੱਦ ਰੋਮਾਂਚਕਾਰੀ ਮੁਕਾਬਲੇ ਵਿਚ ਅਮਰੀਕਾ ਨੇ ਨਿਊਜ਼ੀਲੈਂਡ ਨੂੰ 48-42 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ।ਇਸ ਫਸਵੇਂ ਮੁਕਾਬਲੇ ਦੇ ਪਹਿਲੇ ਅੱਧ ਤੱਕ ਸਕੋਰ 28-18 ਸੀ।ਇਸ ਮੁਕਾਬਲੇ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ।
ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜ਼ਿਨ੍ਹਾਂ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ੍ਰੀ ਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਿਲ ਹਨ।ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ, ਪੂਲ ‘ਏ’ ਵਿਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ੍ਰੀ ਲੰਕਾ ਹਨ ਜਦਕਿ ਪੂਲ ‘ਬੀ’ ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media