ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਅੰਮ੍ਰਿਤਸਰ ਨੇ ਕਰਵਾਇਆ ਜੋਤਿਸ਼ ਬਾਰੇੇ ਸੈਮੀਨਾਰ
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਅੰਮ੍ਰਿਤਸਰ ਵਲੋਂ ਸਮਾਜ ਵਿਚ ਵਿਗਿਆਨਕ ਚੇਤਨਾ ਪ੍ਰਫੁਲਿਤ ਕਰਨ ਲਈ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਕਰਵਾਇਆ ਗਿਆ।ਆਏ ਹੋਏ ਬੁਲਾਰਿਆਂ ਅਤੇ ਸਰੋਤਿਆਂ ਦਾ ਸਵਾਗਤ ਐਡਵੋਕੇਟ ਅਮਰਜੀਤ ਬਾਈ ਵਲੋਂ ਕੀਤਾ ਗਿਆ।ਮੁੱਖ ਬੁਲਾਰੇ ਵਜੋਂ ਪਹੁੰਚੇ ਤਰਕਸ਼ੀਲ ਆਗੂ ਸੁਰਜੀਤ ਦੌਧਰ ਨੇ “ਜੋਤਿਸ਼, ਰਾਸ਼ੀਫਲ ਦੇ ਭਰਮ ਜਾਲ ਚੋਂ ਕਿਵੇਂ ਨਿਕਲੀਏ?” ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ।ਚਿੰਤਕ ਦੌਧਰ ਨੇ ਕਿਹਾ ਕਿ ਜੋਤਿਸ਼ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ, ਇਹ ਕੇਵਲ ਧੋਖਾ ਹੈ ਅਤੇ ਜੋਤਸ਼ੀਆਂ ਵਲੋਂ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਲੁੱਟਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਬਕਾਇਦਾ ਜੋਤਿਸ਼ ਬਾਰੇ ਵਿੱਦਿਆ ਹਾਸਲ ਕੀਤੀ ਹੈ ਅਤੇ ਉਹ ਆਪਣੇ ਵਲੋਂ ਪੂਰੀ ਦੁਨੀਆ ਦੇ ਜੋਤਸ਼ੀਆਂ ਨੂੰ ਚੈਲੇਂਜ ਕਰ ਚੁੱਕੇ ਹਨ।ਪਰ ਅੱਜ ਤੱਕ ਕੋਈ ਵੀ ਜੋਤਸ਼ੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ ਅਤੇ ਉਹ ਹੁਣ ਵੀ ਉਹ ਅੰਮ੍ਰਿਤਸਰ ਦੇ ਸਾਰੇ ਜੋਤਸ਼ੀਆਂ ਨਾਲ ਸੰਵਾਦ ਰਚਾਉਣ ਦੇ ਖਾਹਸ਼ਵੰਦ ਹਨ।
ਵਿਦਵਾਨ ਚਿੰਤਕ ਡਾ. ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਤਬਦੀਲੀ ਤਦ ਹੀ ਆਉਂਦੀ ਹੈ, ਜਦੋਂ ਅਸੀਂ ਮਸਲਿਆਂ ਨੂੰ ਸਮਝੀਏ।ਉਨ੍ਹਾਂ ਕਿਹਾ ਕਿ ਲੋਕਾਂ ਦਾ ਜੋਤਿਸ਼ ਵਿੱਚ ਫਸਣ ਦਾ ਕਾਰਨ ਕਮਜੋਰ ਆਰਥਿਕ ਢਾਂਚਾ ਅਤੇ ਅਧਿਆਤਮਵਾਦ ਹੈ, ਜਦੋਂ ਤੱਕ ਢਾਂਚਾ ਨਹੀਂ ਬਦਲਿਆ ਜਾਂਦਾ ਉਦੋਂ ਤੱਕ ਲੋਕ ਅੰਧ ਵਿਸ਼ਵਾਸਾਂ ਵਿੱਚ ਫਸੇ ਰਹਿਣਗੇ।ਉਨ੍ਹਾਂ ਕਿਹਾ ਕਿ ਇਸ ਸੋਚ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ।ਲੇਖਕ ਤੇ ਚਿੰਤਕ ਡਾਕਟਰ ਸ਼ਾਮ ਸੁੰਦਰ ਦੀਪਤੀ ਨੇ ਕਿਹਾ ਕਿ ਸਾਨੂੰ ਹਰ ਘਟਨਾ ਦੀ ਪਰਖ ਕਰਨ ਲਈ ਡੂੰਘਾਈ ਤੱਕ ਜਾਣ ਦੀ ਲੋੜ ਹੁੰਦੀ ਹੈ, ਪਰ ਅਸੀਂ ਘਟਨਾਵਾਂ ਦੀ ਪਰਖ ਪੜਚੋਲ ਕਰਨ ਦੀ ਥਾਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਹਾਂ ਅਤੇ ਹਮੇਸ਼ਾ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ।
ਅਖੀਰ ਵਿੱਚ ਸੁਸਾਇਟੀ ਆਗੂਆਂ ਨੇ ਮਤੇ ਪਾਸ ਕਰਕੇ ਟੀ.ਵੀ ਅਤੇ ਅਖਬਾਰਾਂ ਵਿੱਚ ਆ ਰਹੀ ਅੰਧ ਵਿਸ਼ਵਾਸੀ ਇਸ਼ਤਿਹਾਰਬਾਜ਼ੀ ਤੇ ਪਾਬੰਦੀ ਲਾਉਣ ਅਤੇ ਪੰਜਾਬ ਵਿੱਚ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ।ਜੋਨ ਆਗੂ ਰਜਵੰਤ ਬਾਗੜੀਆਂ ਨੇ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਸਿਲੇਬਸ ਵਿੱਚੋਂ ਅੰਧ ਵਿਸ਼ਵਾਸੀ ਪੁਸਤਕਾਂ ਹਟਾ ਕੇ ਤਰਕਸ਼ੀਲ ਸਾਹਿਤ ਪੜ੍ਹਾਉਣ ਦੀ ਮੰਗ ਕੀਤੀ।ਮਨਜੀਤ ਸਿੰਘ ਬਾਸਰਕੇ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।ਮੰਚ ਸੰਚਾਲਕ ਦੇ ਫਰਜ਼ ਇਕਾਈ ਮੁਖੀ ਸੁਮੀਤ ਸਿੰਘ ਵਲੋਂ ਬਾਖੂਬੀ ਨਿਭਾਏ ਗਏ ।
ਇਸ ਮੌਕੇ ਤੇ ਕਾਮਰੇਡ ਰਤਨ ਰੰਧਾਵਾ, ਕਾਮਰੇਡ ਬਲਕਾਰ ਦੁਧਾਲਾ, ਧਰਵਿੰਦਰ ਸਿੰਘ ਕੋਹਾਲੀ, ਡਾਕਟਰ ਪ੍ਰਸ਼ੋਤਮ ਲਾਲ, ਲਾਲ ਚੰਦ, ਵਿਜੇ ਲਕਸ਼ਮੀ, ਸੁਖਦੇਵ ਸਿੰਘ ਰਾਮਗੜ੍ਹ, ਬਲਵਿੰਦਰ ਦੁਧਾਲਾ, ਗੁਰਬਚਨ ਸਿੰਘ, ਕਾਮਰੇਡ ਕੁਲਦੀਪ ਸਿੰਘ ਮਾਹਵਾ, ਅਮਰਜੀਤ ਭੱਲਾ, ਜਸਵੰਤ ਰਾਏ, ਸੁਖਵੰਤ ਚੇਤਨਪੁਰੀ, ਊਸ਼ਾ ਦੀਪਤੀ, ਡਾ ਹਰਜੀਤ ਸਿੰਘ ਗਰੋਵਰ, ਕਾਮਰੇਡ ਪ੍ਰਸ਼ੋਤਮ, ਮਨਮੋਹਨ ਸਿੰਘ ਬਾਸਰਕੇ, ਜਸਪਾਲ ਬਾਸਰਕਾ, ਹਰਮੀਤ ਆਰਟਿਸਟ, ਮਾਸਟਰ ਕੁਲਜੀਤ ਵੇਰਕਾ, ਹਰਭਜਨ ਸਿੰਘ ਖੇਮਕਰਨੀ, ਬਲਵੀਰ ਲਹਿਰੀ, ਸੁਰਜਨ ਸਿੰਘ ਅਦਲੀਵਾਲਾ, ਅਮਨ ਰਣਜੀਤ, ਮੁਖਤਿਆਰ ਗੋਪਾਲਪੁਰਾ, ਬਲਦੇਵ ਸਿੰਘ ਕੰਬੋ, ਹਰਜਿੰਦਰ ਜਲਾਲਪੁਰਾ, ਡਾਕਟਰ ਕਸ਼ਮੀਰ ਸਿੰਘ, ਤੇਜ਼ਪਾਲ ਕਪੂਰਥਲਾ ਆਦਿ ਹਾਜ਼ਰ ਸਨ।