ਸਾਹਿਤ ਸਭਾ ਧੂਰੀ (ਰਜਿ:) ਦੀ ਮਹੀਨਾਵਾਰ ਮੀਟਿੰਗ ਹੋਈ
ਧੂਰੀ, 9 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਅੰਦਰਲੀ ਕੋਸੀ-ਕੋਸੀ ਧੁੱਪ ‘ਚ ਸਾਹਿਤ ਸਭਾ ਧੂਰੀ (ਰਜਿ:) ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪ੍ਰਿੰ: ਕਿਰਪਾਲ ਸਿੰਘ ਜਵੰਧਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ।ਪਵਨ ਹਰਚੰਦਪੁਰੀ ਨੇ ਚੈਨੇਈ ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਕਰਨ ਸਬੰਧੀ ਆਪਣੇ ਤਜ਼ਰਬੇ ਲੇਖਕਾਂ ਨਾਲ ਸਾਂਝੇ ਕਰਦਿਆਂ ਅਕਾਦਮੀ ਪੁਰਸਕਾਰਾਂ ਦੇ ਵਿਧੀ ਵਿਧਾਨ ਦੀ ਗੱਲ ਕੀਤੀ।ਗੁਲਜ਼ਾਰ ਸਿੰਘ ਸ਼ੌਂਕੀ ਨੇ ਸਭਾ ਦੇ ਮੀਤ ਪ੍ਰਧਾਨ ਜਗਦੇਵ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ “ਗੁਫਤਗੂ” ਬਾਕੀ ਹੈ” ਛਪਣ ‘ਤੇ ਸਭਾ ਵੱਲੋਂ ਵਧਾਈ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸ਼ਰਮਾ ਦੀ ਪਲੇਠੀ ਪੁਸਤਕ “ਮਾਲਵੇ ਦੇ ਸੱਭਿਆਚਾਰ ਦੀ ਖੁਸ਼ਬੋਈ” (ਮੇਰਾ ਪਿੰਡ) ਜਲਦੀ ਹੀ ਛਪ ਕੇ ਆ ਰਹੀ ਹੈ।ਗਿ: ਰਾਮ ਲਾਲ ਰਾਜੋਮਾਜਰਾ ਨੇ ਜਗਦੇਵ ਸ਼ਰਮਾ ਦੀ ਪੁਸਤਕ ਅਤੇ ਲੇਖਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉਘੇ ਲੇਖਕ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਪ੍ਰਾਪਤ ਕਰ ਚੁੱਕੇ 36 ਕਿਤਾਬਾਂ ਦੇ ਲੇਖਕ ਗੁਲਜ਼ਾਰ ਸਿੰਘ ਸ਼ੌਂਕੀ ਨੂੰ ਗੀਤਕਾਰ ਅਤੇ ਕਹਾਣੀਕਾਰ ਸੁਰਜੀਤ ਸਿੰਘ ਰਾਜੋਮਾਜਰਾ ਨੇ ਵਿਧੀ ਵਿਧਾਨ ਅਨੁਸਾਰ ਪੱਗ ਅਤੇ ਲੱਡੂਆਂ ਦਾ ਡੱਬਾ ਦੇ ਕੇ ਸਭਾ ਦੇ ਹਾਜ਼ਰ ਲੇਖਕਾਂ ਸਾਹਮਣੇ ਉਸਤਾਦੀ ਸ਼ਗਿਰਦੀ ਦੀ ਰਸਮ ਅਦਾ ਕਰਕੇ ਆਪਣਾ ਉਸਤਾਦ ਧਾਰਿਆ।ਜਗਦੇਵ ਸ਼ਰਮਾ ਨੇ ਆਪਣੀ ਛਪੀ ਕਿਤਾਬ ਦੀ ਖੁਸ਼ੀ ਵਿੱਚ ਲੱਡੂ ਵੰਡੇ।ਉਘੇ ਗ਼ਜ਼ਲਗੋ ਹਰਦੀਪ ਸਿੰਘ ਭੂਦਨ ਦੇ ਪਿਤਾ ਬਲਵੰਤ ਸਿੰਘ, ਗੁਲਜ਼ਾਰ ਸਿੰਘ ਸ਼ੌਂਕੀ ਦੇ ਬੇਟੇ ਸਤਨਾਮ ਸਿੰਘ ਅਤੇ ਜਤਿੰਦਰ ਮਾਨਵ ਦੀ ਬੇਟੀ ਅਮਨਜੋਤ ਕੌਰ ਦੀ ਹੋਈ ਅਚਾਨਕ ਮੌਤ ‘ਤੇ ਸ਼ਰਧਾ ਸੁਮਨ ਭੇਂਟ ਕੀਤੇ ਗਏ।
ਇਸ ਤੋਂ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਪਵਨ ਹਰਚੰਦਪੁਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਧਾਂਤ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਕਵੀ ਦਰਬਾਰ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਆਪਣੀ ਕਵਿਤਾ ਨਾਲ ਕੀਤਾ।ਰਚਨਾਵਾਂ ਦੇ ਦੌਰ ਵਿੱਚ ਗੁਲਜ਼ਾਰ ਸਿੰਘ ਸ਼ੌਂਕੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਮਨੋਹਰ ਭਵਾਨੀ ਛੰਦ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।ਸੁਰਿੰਦਰ ਸਿੰਘ ਰਾਜਪੂਤ ਨੇ ਤੋੜੇ ਦੀ ਪੱਕੀ ਕਲੀ “ਫੁੱਟ” ਸੁਣਾ ਕੇ ਢਾਡੀ ਰੰਗ ਬੰਨ੍ਹਿਆ।ਇਸ ਤੋਂ ਬਾਅਦ ਕਾਮਰੇਡ ਰਮੇਸ਼ ਜੈਨ, ਇੰਦਰਪਾਲ ਸਿੰਘ ਸੋਢੀ, ਪ੍ਰਿੰ: ਕਿਰਪਾਲ ਸਿੰਘ ਜਵੰਧਾ, ਅਮਰਜੀਤ ਸਿੰਘ ਅਮਨ, ਸੱਤਪਾਲ ਪਰਾਸ਼ਰ, ਵੈਦ ਬੰਤ ਸਿੰਘ ਸਾਰੋਂ, ਨਾਹਰ ਸਿੰਘ ਮੁਬਾਰਿਕਪੁਰੀ, ਗੀਤਕਾਰ ਅਤੇ ਗਾਇਕ ਜੀਵਨ ਬੜੀ, ਜਗਦੇਵ ਸ਼ਰਮਾ, ਗੁਰਜੀਤ ਸਿੰਘ ਜਹਾਂਗੀਰ, ਡਾ. ਰਾਜਵੀਰ ਲਸੋਈ, ਗੀਤਕਾਰ ਜਗਦੀਸ਼ ਸਿੰਘ ਖੀਪਲ, ਗੁਰਤੇਜ ਸਿੰਘ ਧੂਰਾ, ਸੁਰਜੀਤ ਸਿੰਘ ਰਾਜੋਮਾਜਰਾ, ਗਿ: ਰਾਮ ਲਾਲ, ਸੰਤ ਸਿੰਘ ਬੀਹਲਾ, ਸੁਰਿੰਦਰ ਸ਼ਰਮਾ ਨਾਗਰੀ, ਹਰਦਿਆਲ ਸਿੰਘ ਭਾਰਦਵਾਜ, ਗਾਇਕ ਗੁਰਮੀਤ ਸਿੰਘ ਅਨੰਦ, ਕਾਮਰੇਡ ਬਲਦੇਵ ਸਿੰਘ ਧਾਂਦਰਾ ਅਤੇ ਸੁਰਿੰਦਰ ਸ਼ਰਮਾਂ ਹਰਚੰਦਪੁਰੀ ਨੇ ਆਪਣੇ-ਆਪਣੇ ਕਲਾਮ ਸੁਣਾ ਕੇ ਖੂਬ ਰੰਗ ਬੰਨ੍ਹਿਆਂ।
ਪ੍ਰਿੰ: ਕਿਰਪਾਲ ਸਿੰਘ ਜਵੰਧਾ ਨੇ ਸਾਹਿਤ ਸਭਾ ਧੂਰੀ ਦੇ ਕਾਰਜਾਂ ਦੀ ਤਰੀਫ ਕਰਦਿਆਂ ਕਿਹਾ ਕਿ ਇਸ ਸਭਾ ਦੇ ਅਨੇਕਾਂ ਲੇਖਕ ਕਿਤਾਬਾਂ ਵਾਲ਼ੇ ਬਣਾ ਦਿੱਤੇ ਹਨ।ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਜਪੂਤ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …