ਲੌਂਗੋਵਾਲ, 25 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮਾਸਟਰ ਪਰਮ ਵੇਦ, ਲੈਕਚਰਾਰ ਕ੍ਰਿਸ਼ਨ
ਸਿੰਘ ਤੇ ਨਿਰਮਲ ਸਿੰਘ ਦੁੱਗਾਂ ‘ਤੇ ਅਧਾਰਿਤ ਤਰਕਸ਼ੀਲ ਟੀਮ ਵਲੋਂ ਸਸਸ ਸਕੂਲ ਮਹਿਲਾਂ ਵਿਖੇ ਪ੍ਰਿੰਸੀਪਲ ਇਕਦੀਸ਼ ਕੌਰ ਦੀ ਅਗਵਾਈ ‘ਚ ਲੱਗੇ ਕੌਮੀ ਸੇਵਾ ਯੋਜਨਾ ਕੈਂਪ ਵਿੱਚ ਸਿੱਖਿਆਦਾਇਕ ਤਰਕਸ਼ੀਲ ਸਮਾਗਮ ਹੋਇਆ।ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਤੇ ਦਿਮਾਗ ਵਿੱਚਲੀ ਬੁੱਧੀ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ। ਰਹੱਸਮਈ ਜਾਪਦੀਆਂ ਘਟਨਾਵਾਂ ਤੇ ਮਾਨਸਿਕ ਸਮੱਸਿਆ ਸਮੇਂ ਤਰਕਸ਼ੀਲ ਕਾਰਕੁੰਨ, ਮਨੋਵਿਗਿਆਨੀਆਂ, ਮਾਨਸਿਕ ਰੋਗ ਮਾਹਿਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।ਉਨ੍ਹਾਂ ਅਖੌਤੀ ਸਿਆਣਿਆਂ, ਤਾਂਤਰਿਕਾਂ ਦੇ ਫੈਲਾਏ ਭਰਮ ਜਾਲ, ਵੇਲਾ ਵਿਹਾ ਚੁੱਕੀਆਂ ਰਸਮਾਂ, ਸਮਾਜਿਕ ਕੁਰੀਤੀਆਂ ਤੇ ਨਸ਼ਿਆਂ ਚੋਂ ਨਿਕਲਣ ਤੇ ਮੋਬਾਇਲ ਫੋਨ ਤੇ ਟੀ.ਵੀ ਆਦਿ ਵਿਗਿਆਨਕ ਖੋਜਾਂ, ਕਾਢਾਂ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਇਸ ਦੁਨੀਆਂ ਵਿੱਚ ਕਿਸੇ ਕੋਲ ਕੋਈ ਗੈਬੀ ਸ਼ਕਤੀ ਨਹੀਂ ਨਾ ਹੀ ਚਮਤਕਾਰ ਵਾਪਰਦੇ ਹਨ। ਘਟਨਾਵਾਂ ਵਾਪਰਦੀਆਂ ਹਨ ਇਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕੀ, ਕਿਉਂ, ਕਿਵੇਂ, ਕਿੱਥੇ, ਕਦੋਂ ਆਦਿ ਗੁਣਾਂ, ਮਿਹਨਤ, ਇਮਾਨਦਾਰੀ ਦਾ ਲੜ ਫੜ ਕੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।ਇਸ ਸਮੇਂ ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਤੇ ਚਮਕੌਰ ਸਿੰਘ ਮਹਿਲਾਂ ਵਲੋਂ ਹੱਥ ਦੀ ਸਫ਼ਾਈ ਦੇ ਟਰਿਕ ਦਿਖਾਏ ਗਏ ਤੇ ਬਹੁਤ ਸਾਰੀਆਂ ਉਦਾਹਰਣਾਂ ਦੇ ਕੇ ਹਾਜ਼ਰੀਨ ਨੂੰ ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਦੀ ਗਲ ਰੱਖੀ।
ਕੈਂਪ ਕਮਾਡੈਂਟ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਵੀ ਵਿਦਿਆਰਥੀਆਂ ਨੂੰ ਅੰਧ-ਵਿਸ਼ਵਾਸ਼ਾਂ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਅਪਨਾਉਣ ਦਾ ਸੁਖਨ ਸੁਨੇਹਾ ਦੇਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਆ ਅਪਣਾਉਣ ਲਈ ਪ੍ਰੇਰਿਤ ਕੀਤਾ।ਨਿਰਮਲ ਸਿੰਘ ਦੁੱਗਾਂ ਨੇ ਵੀ ਵਿਦਿਆਰਥੀਆਂ ਨੂੰ ਸੋਚ ਵਿਗਿਆਨਕ ਲੀਹ ‘ਤੇ ਪਾਉਣ ਲਈ ਕਿਹਾ।ਸਵਾਲ ਜਵਾਬ ਸੈਸ਼ਨ ਵਿੱਚ ਅਧਿਆਪਕ ਰਜਿੰਦਰ ਸਿੰਘ ਸਤੌਜ, ਕਰਨੈਲ ਸਿੰਘ, ਸ੍ਰੀਮਤੀ ਸੁਨੀਤਾ ਆਨੰਦ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਰਵੀ ਦੀਪ ਸਿੰਘ, ਨਵਨੀਤ ਕੁਮਾਰ ਕੈਪਟਨ ਹਰਪ੍ਰੀਤ ਸਿੰਘ ਨੇ ਭਾਗ ਲਿਆ।
Punjab Post Daily Online Newspaper & Print Media