ਯੂ.ਪੀ ਤੇ ਮੱਧ ਪ੍ਰਦੇਸ਼ ‘ਚ ਸਿੱਖਾਂ ਨਾਲ ਹੋਈਆਂ ਵਧੀਕੀਆਂ ਪ੍ਰਤੀ ਕੇਂਦਰ ਦੇਵੇ ਦਖ਼ਲ- ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਚੱਲ ਰਹੀਆਂ ਸੇਵਾਵਾਂ ਦੌਰਾਨ ਅਮਰ ਸ਼ਹੀਦ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਉਸਾਰੀ ਗਈ ‘ਸ਼ਹੀਦੀ ਯਾਦਗਰ’ ਗੁਰਦਆਰਾ ਯਾਦਗਾਰ ਸ਼ਹੀਦਾਂ ਦੇ ਸੁੰਦਰ ਗੁੰਬਦ ਉਪਰ ਸੁੰਦਰ ਸੁਨਿਹਰੀ ਕਲਸ ਲਗਾੳੇੁਣ ਦੀ ਸੇਵਾ ਕੀਤੀ ਗਈ।
ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਅੰਦਰ ਸਿੱਖਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਸਿੱਖਾਂ ‘ਚ ਰੋਸ ਦਾ ਕਾਰਨ ਬਣ ਰਹੇ ਉਕਤ ਮਾਮਲਿਆਂ ਨੂੰ ਤੁਰੰਤ ਹੱਲ ਕਰਨ ਪ੍ਰਤੀ ਕੇਂਦਰੀ ਗ੍ਰਹਿ ਮੰਤਰੀ ਨੂੰ ਦਖ਼ਲ ਦੇਣ ਲਈ ਕਿਹਾ ਹੈ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਯੂ.ਪੀ ਦੇ ਪੀਲੀਭੀਤ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾ ਰਹੀ ਸਿੱਖ ਸੰਗਤ ਖ਼ਿਲਾਫ਼ ਕੇਸ ਦਰਜ ਕਰਨ ਅਤੇ ਮੱਧ ਪ੍ਰਦੇਸ਼ ਜ਼ਿਲ੍ਹਾ ਸਿਉਪੁਰ ਦੇ ਪਿੰਡਾਂ ਅੰਦਰ ਦਹਾਕਿਆਂ ਤੋਂ ਵੱਸ ਰਹੇ ਸਿੱਖ ਪਰਿਵਾਰਾਂ ਨੂੰ ਸਰਕਾਰੀ ਸ਼ਹਿ ‘ਤੇ ਗੁੰਡਾ ਅਨਸਰਾਂ ਵੱਲੋਂ ਉਜਾੜਨ ਵੱਲ ਸਰਕਾਰਾਂ ਨੇ ਧਿਆਨ ਨਾ ਦਿਤੱਾ ਤਾਂ ਸਿਖਾਂ ‘ਚ ਰੋਸ ਦੀ ਲਹਿਰ ਤੇਜ ਹੋ ਜਾਵੇਗੀ।
ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ਾਂ-ਵਿਦੇਸ਼ਾਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾ ਰਹੀ ਹੈ, ਦੂਜੇ ਪਾਸੇ ਯੂ.ਪੀ ‘ਚ ਭਾਜਪਾ ਦੀ ਰਾਜ ਸਰਕਾਰ ਨਗਰ ਕੀਰਤਨ ਕੱਢਣ ‘ਤੇ ਪਾਬੰਦੀ ਲਗਾ ਕੇ ਸਿਖਾਂ ਖ਼ਿਲਾਫ਼ ਹੀ ਕੇਸ ਦਰਜ ਕਰ ਰਹੀ ਹੈ। ਉਨ੍ਹਾਂ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਕਿਹਾ ਕਿ ਨਾ ਕੇਵਲ ਸਿੱਖਾਂ ‘ਤੇ ਦਰਜ ਕੀਤੇ ਪਰਚੇ ਰੱਦ ਹੋਣੇ ਚਾਹੀਦੇ ਹਨ ਬਲਕਿ ਸਿੱਖਾਂ ‘ਤੇ ਮੁਕੱਦਮਾ ਠੋਸਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਮੱਧ ਪ੍ਰਦੇਸ਼ ‘ਚ ਵਾਪਰੀਆਂ ਸਿੱਖ ਵਿਰੋਧੀ ਘਟਨਾਵਾਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੂੰ ਮੱਧ ਪ੍ਰਦੇਸ਼ ‘ਚ ਪੀੜਤ ਸਿੱਖਾਂ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਮੁੰਬਈ ਰੋਡ ‘ਤੇ ਸ਼ਿਵਪੁਰੀ ਦੇ ਨਾਲ ਪੈਂਦੇ ਸਿਓਪੁਰ ਦੀ ਤਹਿਸੀਲ ਕਰਹਾਲ ਦੇ ਪਿੰਡਾਂ ‘ਚ ਤਿੰਨ ਦਹਾਕੇ ਤੋਂ ਵੱਧ ਸਮੇਂ ਤੋਂ ਰਹਿ ਰਹੇ ਆਬਾਦਕਾਰ ਸਿੱਖ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਜਬਰੀ ਉਜਾੜ ਦੇਣਾ ਸਹਿਣ ਨਹੀਂ ਕੀਤਾ ਜਾ ਸਕਦਾ। ਉਕਤ ਖੇਤਰ ਵਿਚ ਕਈ ਦਹਾਕਿਆਂ ਤੋਂ ਪੰਜਾਬ ਤੇ ਹਰਿਆਣਾ ਤੋਂ ਆ ਕੇ ਵਸੇ ਸਿੱਖ ਪਰਿਵਾਰਾਂ ਨੇ ਬੀਆਬਾਨ ਜੰਗਲਾਂ-ਜ਼ਮੀਨਾਂ ਆਬਾਦ ਕੀਤੀਆਂ ਅਤੇ ਘਰ ਬਣਾ ਕੇ ਰਹਿ ਰਹੇ ਸਨ।ਜਿਨ੍ਹਾਂ ਕੋਲ ਬਕਾਇਦਾ ਰਜਿਸਟਰੀਆਂ ਵੀ ਹਨ।ਜਿੱਥੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਬਿਨਾਂ ਕਿਸੇ ਸੁਣਵਾਈ ਤੇ ਨੋਟਿਸ ‘ਤੇ ਪਿੰਡ ਪਟਾਰੀ, ਗੋਥਰਾ, ਪਨਵਾੜਾ ਤੇ ਲਹਿਰੋਨੀ ‘ਚ ਵੱਸੇ ਸਿੱਖਾਂ ਦੇ ਕਈ ਘਰ ਢਾਹ ਦਿੱਤੇ ਅਤੇ ਸੈਂਕੜੇ ਏਕੜ ਦੇ ਕਰੀਬ ਬੀਜੀ ਕਣਕ ਦੀ ਫ਼ਸਲ ਵੀ ਵਾਹ ਕੇ ਉਜਾੜ ਦਿੱਤੀ। ਪੁਲਿਸ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਰੋਂਦੇ-ਕੁਰਲਾਉਂਦੇ ਬੱਚੇ, ਬਜ਼ੁਰਗਾਂ ਤੇ ਔਰਤਾਂ ਨੂੰ ਧੂਹ ਕੇ ਘਰਾਂ ‘ਚੋਂ ਬਾਹਰ ਕੱਢਕੇ ਘਰਾਂ ਨੂੰ ਖੰਡਰ ਬਣਾ ਦੇਣਾ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ? ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਆਬਾਦਕਾਰ ਸਿੱਖਾਂ ਦੇ ਹੱਕ ‘ਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …