ਸਿਡਨੀ, 30 ਜਨਵਰੀ (ਪੰਜਾਬ ਪੋਸਟ- ਮੋਹਨ ਸਿੰਘ ਵਿਰਕ) –
ਹੈਡ ਗ੍ਰੰਥੀ ਦੀ ਵਿਦਾਇਗੀ
11 ਮਹੀਨੇ ਦੀ ਸਫ਼ਲ ਸੇਵਾ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਪਰਗਟ ਸਿੰਘ ਨੂੰ ਕਮੇਟੀ ਅਤੇ ਸੰਗਤ ਵਲੋਂ ਗੁਰਦੁਆਰਾ ਸਾਹਿਬ ਦੇ ਭਰਵੇਂ ਐਤਵਾਰੀ ਦੀਵਾਨ ਵਿਚ ਨਿੱਘੀ ਵਿਦਾਇਗੀ ਦਿੱਤੀ ਗਈ।ਭਾਈ ਸਾਹਿਬ ਗੁਰਮਤਿ ਦੇ ਗਿਆਤਾ ਅਤੇ ਸਫ਼ਲ ਪ੍ਰਚਾਰਕ ਹਨ।ਗੁਰਦੁਆਰਾ ਸਾਹਿਬ ਦੇ ਸੈਕਟਰੀ ਮੋਹਨ ਸਿੰਘ ਵਿਰਕ ਨੇ ਉਹਨਾਂ ਬਾਰੇ ਵਿਦਾਇਗੀ ਦੀਵਾਨ ਵਿਚ ਬੋਲਦਿਆਂ ਆਖਿਆ ਕਿ ਭਾਈ ਪਰਗਟ ਸਿੰਘ ਦੀ ਵਿਦਿਆਕ ਯੋਗਤਾ, ਮਿਲਾਪੜੇ ਸੁਭਾਅ, ਗੁਰੂ ਅਤੇ ਗੁਰੂ ਦੀਆਂ ਸੰਗਤਾਂ ਦੀ ਸੇਵਾ ਵਾਸਤੇ ਹਰ ਸਮੇ ਤਤਪਰਤਾ, ਸੰਗਤਾਂ ਨਾਲ਼ ਮੇਲ ਮਿਲਾਪ, ਪ੍ਰਬੰਧਕਾਂ ਨਾਲ਼ ਮਿਲਵਰਤਣ, ਕਥਾ, ਸ਼ਬਦ ਵਿਚਾਰ ਆਦਿ ਦੀ ਯੋਗਤਾ ਦਾ ਸਦਾ ਹੀ ਸੰਗਤਾਂ ਦੇ ਦਿਲਾਂ ‘ਚ ਸਤਿਕਾਰ ਬਣਿਆ ਰਹੇਗਾ। ਉਹ ਨਹੀਂ ਸੀ ਚਾਹੁੰਦੇ ਕਿ ਅਜਿਹਾ ਵਿਦਵਾਨ ਗੁਰਸਿੱਖ ਇਥੋਂ ਜਾਵੇ ਪਰ ਇਹਨਾਂ ਦੇ ਹੋਰ ਦੇਸ਼ਾਂ ਵਿੱਚ ਬੁੱਕ ਅਗਲੇ ਪ੍ਰੋਗਰਾਮਾਂ ਅਤੇ ਕਮੇਟੀ ਦੇ ਨਿਯਮਾਂ ਅਨੁਸਾਰ, ਇਹਨਾਂ ਨੂੰ ਭਰੇ ਦਿਲਾਂ ਨਾਲ਼ ਅੱਜ ਵਿਦਾਇਗੀ ਦਿੱਤੀ ਜਾ ਰਹੀ ਹੈ।ਅਰਦਾਸ ਹੈ ਕਿ ਗੁਰੂ ਸਾਹਿਬ ਇਹਨਾਂ ਦੇ ਅੰਗ ਸੰਗ ਹੋ ਕੇ ਆਪਣੀ ਸੇਵਾ ਲੈਣ। ਭਾਈ ਸਾਹਿਬ ਨੂੰ ਗੁਰੂੂ ਦਰਬਾਰ ’ਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਬਾਜਵਾ ਵਲੋਂ ਸਿਰੋਪਾ ਭੇਟ ਕੀਤਾ ਗਿਆ।
ਅੰਮ੍ਰਿਤ ਸੰਚਾਰ
18 ਜਨਵਰੀ ਵਾਲ਼ੇ ਸੁਭਾਗੇ ਦਿਨ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ ਅੰਮ੍ਰਿਤ ਸੰਚਾਰ ਕੀਤਾ ਗਿਆ।ਜਿਸ ਦੌਰਾਨ 12 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਵਾਲ਼ੇ ਬਣੇ।
ਕਿਲ੍ਹਾ ਲੋਹਗੜ੍ਹ
ਭਾਰਤ ਤੋਂ ਆਏ ਹਰਿਆਣਾ ਸਰਕਾਰ ਦੇ ਇਕ ਡਿਪਟੀ ਸੈਕਟਰੀ ਗਗਨਦੀਪ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਸਲਾਈਡਾਂ ਅਤੇ ਆਪਣੇ ਲੈਕਚਰ ਰਾਹੀਂ, ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਾਜੀ ਗਈ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ।ਉਹਨਾਂ ਨੇ ਦੱਸਿਆ ਕਿ ਇਹ ਲੋਹਗੜ੍ਹ ਦਾ ਕਿਲ੍ਹਾ, ਜਿਸ ਨੂੰ ਉਸ ਸਮੇ ਖ਼ਾਲਸਾ ਰਾਜ ਦੀ ਸਭ ਤੋਂ ਪਹਿਲੀ ਰਾਜਧਾਨੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ, ਦੁਨੀਆਂ ਦਾ ਸਭ ਤੋਂ ਵੱਡਾ ਕਿਲ੍ਹਾ ਹੈ। ਮੁਗਲ ਸਰਕਾਰ ਨੇ ਤਿੰਨ ਸਾਲਾਂ ਦੀ ਲੜਾਈ ਪਿਛੋਂ ਉਸ ਕਿਲ੍ਹੇ ਨੂੰ ਜਿੱਤ ਕੇ ਬਰਬਾਦ ਕੀਤਾ ਤੇ ਉਥੋਂ ਦੀ ਸਾਰੀ ਵਣਜਾਰਾ ਸਿੱਖ ਵਸੋਂ ਨੂੰ ਉਜਾੜ ਕੇ, ਉਹਨਾਂ ਦੇ ਥਾਂ ਮੁਸਲਮਾਨਾਂ ਨੂੰ ਵਸਾਇਆ।ਅੱਜ ਵੀ ਕਿਲ੍ਹੇ ਦੇ ਖੰਡਰਾਤ ਦਿਸਦੇ ਹਨ।ਉਹਨਾਂ ਨੇ ਇਸ ਬਾਰੇ ਆਪਣੀ ਪੰਜਾਬੀ ਵਿੱਚ ਲਿਖੀ ਹੋਈ ਕਿਤਾਬ ਵੀ ਸੰਗਤਾਂ ਵਿਚ ਵੰਡੀ ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਰਾ ਇਤਿਹਾਸ, ਬੜੀ ਖੋਜ ਕਰਕੇ ਲਿਖਿਆ ਗਿਆ ਹੈ।ਇਹ ਕਿਤਾਬ ਅੰਗ੍ਰੇਜ਼ੀ, ਮਰਾਠੀ ਅਤੇ ਕੰਨੜ ਭਾਸ਼ਾਵਾਂ ਵਿਚ ਵੀ ਅਨਵਾਦਿਤ ਹੋ ਚੁੱਕੀ ਹੈ।
ਕਰਨੋਲਾ ਬੀਚ ਉਪਰ ਪਿਕਨਿਕ ਮਨਾਈ
ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸਹਿਯੋਗ ਅਤੇ ਸਹਾਇਤਾ ਨਾਲ਼, ਸੀਨੀਅਰ ਗਰੁੱਪ ਨੇ ਕਰਨੋਲਾ ਬੀਚ ਉਪਰ ਪਿਕਨਿਕ ਮਨਾਈ।ਚਾਹ ਪਾਣੀ ਤੋਂ ਬਾਅਦ ਕਵੀ ਦਰਬਾਰ ਸਜਾਇਆ ਗਿਆ। ਸਟੇਜ ਸੰਚਾਲਨ ਮੋਹਨ ਸਿੰਘ ਵਿਰਕ ਨੇ ਕੀਤਾ। ਸਭ ਤੋਂ ਪਹਿਲਾਂ ਗਿਆਨੀ ਸੰਤੋਖ ਸਿੰਘ ਨੇ ਆਪਣੇ ਹਾਸਰਸੀ ਸੁਭਾਅ ਅਨੁਸਾਰ ਮਾਹੌਲ ਨੂੰ ਸੁਖਾਵਾਂ ਬਣਾਉਣ ਦਾ ਉਪਰਾਲਾ ਕੀਤਾ।ਜੀਵਨ ਸਿੰਘ ਦੁਸ਼ਾਂਝ ਨੇ ਇਕ ਗੀਤ ਸੁਣਾਇਆ। ਜੋਗਿੰਦਰ ਸਿੰਘ ਦੀ ਕਵਿਤਾਵਾਂ ਦੀ ਨਵੀਂ ਕਿਤਾਬ `ਮਹਿਕਾਂ` ਗੁਰੁ ਨਾਨਕ ਯੂਨੀਵਰਸਿਟੀ ਦੇ ਸਾਬਕਾ ਡੀਨ, ਡਾ. ਬਿਕਰਮ ਸਿੰਘ ਘੁੰਮਣ ਵਲੋਂ ਰਲੀਜ਼ ਕੀਤੀ ਗਈ।ਉਨਾਂ ਨੇ ਆਪਣੇ ਜੀਵਨ ਦੇ ਤਜ਼ਰਬੇ ਵੀ ਸਾਂਝੇ ਕੀਤੇ।ਲੰਗਰ ਛਕਣ ਦੁਸਾਂਝ ਨੇ ਇਕ ਗੀਤ ਸੁਣਾਇਆ ਤੇ ਸਾਰੀ ਸੰਗਤ ਦਾ ਧੰਨਵਾਦ ਕੀਤਾ।