ਭੀਖੀ/ਮਾਨਸਾ, 2 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਜ਼ਿਲ੍ਹਾ ਮਾਨਸਾ ਪੁਲਿਸ ਨੇ ਸੋਸ਼ਲ ਮੀਡੀਆ `ਤੇ ਅਪਲੋਡ ਕੀਤੀ ਗਈ ਇਕ ਵੀਡੀਓ ਕਲਿੱਪ ਰਾਹੀਂ ਹਿੰਸਾ ਨੂੰ ਫੈਲਾਉਣ ਦੇ ਦੋਸ਼ ਵਿਚ ਸਿੱਧੂ ਮੂਸੇ ਵਾਲਾ ਵਜੋਂ ਜਾਣੇ ਜਾਂਦੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਅਤੇ ਮਨਕੀਰਤ ਔਲਖ ਖ਼ਿਲਾਫ਼ ਕੇਸ ਦਰਜ਼ ਕੀਤਾ ਹੈ।
ਇਸ ਸਬੰਧੀ ਜ਼ਿਲ੍ਹਾ ਪੁਲਿਸ ਕਪਤਾਨ ਨਰਿੰਦਰ ਭਾਰਗਵ ਨੇ ਦੱਸਿਆ ਕਿ ਸਦਰ ਥਾਣਾ ਮਾਨਸਾ ਵਿਖੇ ਧਾਰਾ 294 ਅਧੀਨ (ਕੋਈ ਅਸ਼ਲੀਲ ਗਾਣਾ ਗਾਉਣ, ਸੁਣਾਉਣ ਜਾਂ ਬੋਲਣ), 504 (ਭੜਕਾਊ ਸ਼ਬਦਾਬਲੀ ਜਾਂ ਜਾਣਬੁੱਝ ਕੇ ਸ਼ਾਂਤੀ ਭੰਗ ਕਰਨ ਵਾਲੇ ਲਫਜ਼ ਵਰਤੋਂ ਕਰਨ) ਅਤੇ 149 ਤਹਿਤ ਦੋਵਾਂ ਗਾਇਕਾਂ ਅਤੇ ਹੋਰਨਾਂ ਵਿਰੁੱਧ ਕੱਲ੍ਹ ਰਾਤ ਮਾਮਲਾ ਦਰਜ ਕੀਤਾ ਗਿਆ ਸੀ।ਉਹਨਾਂ ਦੱਸਿਆ ਕਿ ਉਕਤ ਵਿਰੁੱਧ ਸ਼ਿਕਾਇਤ ਐਚ.ਸੀ ਅਰੋੜਾ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਕੀਤੀ ਗਈ ਹੈ, ਜਿਸ ਤੋਂ ਮਾਮਲਾ ਦਰਜ਼ ਕੀਤਾ ਗਿਆ ਹੈ।
ਭਾਰਗਵ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਤੋਂ ਪਤਾ ਲੱਗਾ ਹੈ ਕਿ ਇਹ ਕਲਿੱਪ / ਗਾਣਾ ਗਾਇਕ ਮੂਸੇ ਵਾਲਾ ਅਤੇ ਉਸ ਦੇ ਸਾਥੀਆਂ ਵਲੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿਖੇ ਰਿਕਾਰਡ ਕੀਤਾ ਗਿਆ ਸੀ।ਇਸ ਤੋਂ ਬਾਅਦ, ਗਾਣੇ ਦਾ ਕਲਿੱਪ ਯੂ-ਟਿਊਬ, ਟਿੱਕ-ਟਾਕ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ `ਤੇ ਅਪਲੋਡ ਕੀਤਾ ਗਿਆ ਸੀ।ਇਹ ਗਾਣਾ ਹਿੰਸਾ ਅਤੇ ਹਥਿਆਰਾਂ ਦੇ ਸਭਿਆਚਾਰ ਨੂੰ ਵਧਾਵਾ ਦੇਣ ਵਾਲਾ ਜਾਪਿਆ ।
ਭਾਰਗਵ ਨੇ ਕਿਹਾ ਕਿ ਮੂਸੇ ਵਾਲੇ ਦਾ ਗਾਣਾ, `ਪੱਖੀਆਂ ਪੱਖੀਆਂ ਪੱਖੀਆਂ, ਬੰਦੂਕ ਵਿਚ ਪੰਜ ਗੋਲੀਆਂ…` ਸਪੱਸ਼ਟ ਤੌਰ `ਤੇ ਹਿੰਸਾ ਅਤੇ ਬੰਦੂਕਾਂ ਦੇ ਸੱਭਿਆਚਾਰ ਨੂੰ ਹੁਲਾਰਾ ਦਿੰਦਾ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੀ ਜਾਂਚ ਜਾਰੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …