10 ਫਰਵਰੀ ਨੂੰ ਮਨਾਇਆ ਜਾਵੇਗਾ ਨੈਸ਼ਨਲ ਡੀ-ਵਾਰਮਿੰਗ ਦਿਵਸ
ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ 10 ਫਰਵਰੀ ਨੂੰ ਮਨਾਏ ਜਾ ਰਹੇ ਨੈਸ਼ਨਲ ਡੀ ਵਾਰਮਿੰਗ ਦਿਵਸ
ਸਬੰਧੀ ਹੋਈ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਜਿਲੇ੍ਹ ਅੰਦਰ ਕਰੀਬ ਸਾਢੇ 7 ਲੱਖ ਬੱਚਿਆਂ ਨੂੰ ਐਲਬੈਂਡਾਜੋਲ ਦੀ ਗੋਲੀ ਖੁਆਈ ਜਾਣੀ ਹੈ।ਸੋ ਸਾਰੇ ਵਿਭਾਗ, ਜਿੰਨਾਂ ਵਿਚ ਸਿਹਤ, ਸਿੱਖਿਆ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੁੱਖ ਤੌਰ ਉਤੇ ਸ਼ਾਮਿਲ ਹਨ, ਪੂਰਾ ਸਹਿਯੋਗ ਦੇਣ ਤੇ ਇਕ ਟੀਮ ਬਣ ਕੇ ਇਸ ਕੰਮ ਨੂੰ ਨੇਪਰੇ ਚਾੜਣ।
ਢਿਲੋਂ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਦੇ 1309 ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਕਰੀਬ ਸਵਾ 2 ਲੱਖ ਬੱਚਿਆਂ, 885 ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਸਾਢੇ ਤਿੰਨ ਲੱਖ ਤੋਂ ਵੱਧ ਬੱਚਿਆਂ ਅਤੇ ਆਂਗਨਵਾੜੀ ਸੈਂਟਰਾਂ ਦੇ ਪੌਣੇ ਦੋ ਲੱਖ ਤੋਂ ਵੱਧ ਬੱਚਿਆਂ ਨੂੰ ਤਾਂ ਪੇਟ ਦੇ ਕੀੜੇ ਮਾਰਨ ਦੀ ਇਹ ਗੋਲੀ ਦਿੱਤੀ ਜਾਣੀ ਹੈ।ਆਈਲੈਟਸ ਤੇ ਕੋਚਿੰਗ ਕੇਂਦਰ, ਇੰਜੀਨੀਅਰਿੰਗ, ਪੌਲੀਟੈਕਿਨਕ ਤੇ ਹੋਰ ਡਿਗਰੀ ਕਾਲਜ, ਜਿੰਨਾਂ ਵਿਚ 19 ਸਾਲ ਤੋਂ ਘੱਟ ਉਮਰ ਦੇ ਬੱਚੇ ਸਿੱਖਿਆ ਲੈ ਰਹੇ ਹਨ, ਨੂੰ ਵੀ ਕਵਰ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ 17 ਫਰਵਰੀ ਨੂੰ ਮੋਪ-ਅੱਪ ਦਿਵਸ ਵਜੋਂ ਮਨਾਇਆ ਜਾਵੇਗਾ ਜਿਸ ਅਧੀਨ ਜਿਹੜੇ ਬੱਚੇ ਇਸ ਗੋਲੀ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਨੂੰ ਵੀ ਇਹ ਗੋਲੀ ਖੁਆਈ ਜਾਵੇਗੀ।
ਉਨ੍ਹਾਂ ਨੇ ਵਾਟਰ ਸਪਲਾਈ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਪਣੇ ਅਧੀਨ ਆਉਂਦੇ ਟਿਊਬੇੈਵਲ, ਸੀਵਰੇਜ ਆਦਿ ਦੀ ਲੀਕੇਜ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਤਾਂ ਜੋ ਸਾਫ ਪੀਣ ਵਾਲੇ ਪਾਣੀ ਨਾਲ ਸੀਵਰਜ ਦਾ ਪਾਣੀ ਮਿਸਕ ਨਾ ਹੋ ਸਕੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਟੀਕਾਕਰਨ ਅਫਸਰ ਡਾ: ਰਮੇਸ਼ ਪਾਲ ਸਿੰਘ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਗੋਲੀ ਬੱਚਿਆਂ ਨੂੰ ਅਧਿਆਪਕਾਂ ਦੀ ਦੇਖ-ਰੇਖ ਹੇਠ ਖੁਆਈ ਜਾਵੇ।ਕੋਈ ਵੀ ਬੱਚਾ ਖਾਲੀ ਪੇਟ ਨਾ ਹੋਵੇ ਅਤੇ ਬੱਚਿਆਂ ਨੁੂੰ ਦੱਸਿਆ ਜਾਵੇ ਇਸ ਗੋਲੀ ਨੂੰ ਚਬਾ ਕੇ ਖਾਧਾ ਜਾਵੇ।ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਸ ਗੋਲੀ ਦੇ ਕੋਈ ਵੀ ਸਾਈਡ ਇਫਕੈਟ ਨਹੀਂ ਹਨ ਅਤੇ ਜੇਕਰ ਕੋਈ ਵੀ ਜਰੂਰਤ ਪਵੇ ਤਾਂ 108 ਨੂੰ ਡਾਇਲ ਕਰਕੇ ਐਂਬੂਲੈਂਸ ਦੀ ਮਦਦ ਲਈ ਜਾ ਸਕਦੀ ਹੈ।
ਇਸ ਮੌਕੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ, ਡਾ. ਰਾਜੇਸ਼ ਭਗਤ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media