ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਨੂੰ ਸਮਾਰਟ ਸਿੱਖਿਆ ਨਾਲ ਜੋੜਨ ਲਈ ਪੱਬਾਂ ਭਾਰ
ਭੀਖੀ/ਮਾਨਸਾ 13 ਫਰਵਰੀ( ਕਮਲ ਜਿੰਦਲ ) ਨਵੇਂ ਸ਼ੈਸਨ ਤੋਂ ਮਾਨਸਾ ਜ਼ਿਲ੍ਹੇ ਦੇ ਹਰ ਸਰਕਾਰੀ ਸਕੂਲ ਨੂੰ ਸਮਾਰਟ ਸਿੱਖਿਆ ਨਾਲ ਜੋੜਨ ਦੀ ਮੁਹਿੰਮ ਤਹਿਤ ਅੱਜ
ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਕੰਨਿਆਂ) ਖਿਆਲਾ ਕਲਾਂ ਵਿਖੇ ਸਮਾਰਟ ਪ੍ਰੋਜੈਕਟਰਾਂ ਦਾ ਉਦਘਾਟਨ ਕਰਦਿਆਂ ਮਾਨਸਾ ਹਲਕੇ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵਲ੍ਹੋ ਨਵੇਂ ਸ਼ੈਸਨ ਤੋਂ ਸਰਕਾਰੀ ਸਕੂਲਾਂ ਲਈ ਬੱਸ ਸਰਵਿਸ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਖਿਆ ਮਸਲਿਆਂ ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਇਸ ਤਜਵੀਜ਼ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ।ਉਨ੍ਹਾਂ ਦੱਸਿਆ ਕਿ ਸਰਕਾਰ ਸਿੱਖਿਆ ਪ੍ਰਤੀ ਗੰਭੀਰ ਹੈ ਅਤੇ ਨਵੇਂ ਸ਼ੈਸਨ ਤੋਂ ਪਹਿਲਾ ਸਕੂਲਾਂ ਦੀਆਂ ਹੋਰ ਲੋੜਾਂ ਨੂੰ ਵੀ ਪੂਰਾ ਕੀਤਾ ਜਾਵੇਗਾ ਅਤੇ ਹਰ ਸਕੂਲ ਨੂੰ ਮਾਡਰਨ ਸਕੂਲ ਬਣਾਇਆ ਜਾਵੇਗਾ।
ਮਾਨਸ਼ਾਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲ੍ਹੋ ਪਹਿਲੇ ਪੜ੍ਹਾਅ ਦੌਰਾਨ ਮਾਨਸਾ ਜ਼ਿਲ੍ਹੇ ‘ਚ 207 ਸਕੂਲਾਂ ਚ 400 ਦੇ ਕਰੀਬ ਸਮਾਰਟ ਪ੍ਰੋਜੈਕਟਰ ਲਾਏ ਜਾ ਰਹੇ ਹਨ, ਜਿੰਨ੍ਹਾਂ ‘ਤੇ 2 ਕਰੋੜ ਦੇ ਕਰੀਬ ਲਾਗਤ ਆਈ ਹੈ, ਉਨ੍ਹਾਂ ਦੱਸਿਆ ਕਿ ਸਰਕਾਰੀ ਸੈਕੰਡਰੀ ਸਕੂਲਾਂ ਨੂੰ 5-5 ਸਮਾਰਟ ਪ੍ਰੋਜੈਕਟਰ ਅਤੇ ਮਿਡਲ, ਪ੍ਰਾਇਮਰੀ ਸਕੂਲਾਂ ਨੂੰ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਇਹ ਪ੍ਰੋਜੈਕਟਰ ਦਿੱਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਅਗਲੇ ਪੜ੍ਹਾਵਾਂ ਦੌਰਾਨ ਹਰ ਸਕੂਲ ਦੀ ਹਰ ਕਲਾਸ ਚ ਸਮਾਰਟ ਪ੍ਰੋਜੈਕਟਰ ਹੋਵੇਗਾ ਤਾਂ ਕਿ ਸਰਕਾਰੀ ਸਕੂਲ ਦਾ ਹਰ ਵਿਦਿਆਰਥੀ ਸਮੇਂ ਦਾ ਹਾਣੀ ਬਣ ਸਕੇ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਜਗਰੂਪ ਭਾਰਤੀ ਨੇ ਦੱਸਿਆ ਕਿ ਸਮਾਰਟ ਪ੍ਰੋਜੈਕਟਰਾਂ ਦੇ ਨਾਲ ਨਾਲ ਇਹ ਵੀ ਉਤਸ਼ਾਹਤ ਪੂਰਵਕ ਗੱਲ ਹੈ ਕਿ ਵਿਭਾਗ ਵਲੋਂ ਪਹਿਲੀ ਕਲਾਸ ਤੋ ਲੈ ਕੇ ਦਸਵੀਂ ਤੱਕ ਈ-ਕੰਟੈਂਟ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ।ਗਣਿਤ, ਪੰਜਾਬੀ, ਅੰਗਰੇਜ਼ੀ, ਹਿੰਦੀ, ਵਾਤਾਵਰਣ ਦਾ ਹਰ ਪਾਠ ਰੋਚਕ ਤਰੀਕੇ ਨਾਲ ਪੜ੍ਹਾਇਆਂ ਜਾ ਰਿਹਾ ਹੈ।ਜਿਸ ਨੂੰ ਪਹਿਲਾਂ ਸਿੱਖਿਆ ਮਾਹਿਰਾਂ ਵਲੋਂ ਅਧਿਆਪਕਾਂ ਦੇ ਨਾਲ ਵਰਕਸ਼ਾਪਾਂ ‘ਚ ਵਿਚਾਰ ਚਰਚਾ ਕਰਦਿਆ ਤਿਆਰ ਕੀਤਾ ਗਿਆ ਸੀ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।ਉਨ੍ਹਾਂ ਤੋਂ ਪਹਿਲਾ ਸਕੂਲ ਇੰਚਾਰਜ ਪ੍ਰਿੰਸੀਪਲ ਨਰਿੰਦਰ ਮਾਨਸ਼ਾਹੀਆ ਨੇ ਮੰਚ ਸੰਚਾਲਨ ਕਰਦਿਆਂ ਮੰਗ ਕੀਤੀ ਕਿ ਲੜਕੀਆਂ ਦੇ ਇਸ ਸਕੂਲ ਵਿੱਚ ਸਾਇੰਸ ਦੀਆਂ ਕਲਾਸਾਂ ਨਾ ਹੋਣ ਕਾਰਨ ਇਸ ਇਲਾਕੇ ਦੇ ਦਰਜ਼ਨਾਂ ਪਿੰਡਾਂ ਦੀਆਂ ਲੜਕੀਆਂ ਇਸ ਅਹਿਮ ਪੜ੍ਹਾਈ ਤੋਂ ਵਾਂਝੀਆਂ ਹਨ,ਜਿਸ ਕਰਕੇ ਇਥੇ ਸਾਇੰਸ ਗਰੁੱਪ ਚਲਾਉਣ ਦੀ ਵੱਡੀ ਲੋੜ ਹੈ।
ਇਸ ਮੌਕੇ ਨਗਰ ਕੌਂਸਲ ਭੀਖੀ ਦੇ ਪ੍ਰਧਾਨ ਵਿਨੋਦ ਕੁਮਾਰ, ਬਲਾਕ ਸਿੱਖਿਆ ਅਫਸਰ ਮਾਨਸਾ ਸਤਵਿੰਦਰ ਕੌਰ, ਜ਼ਿਲ੍ਹਾ ਖੇਡ ਇੰਚਾਰਜ ਪ੍ਰਾਇਮਰੀ ਹਰਦੀਪ ਸਿੱਧੂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਸੈਂਟਰ ਹੈਡ ਟੀਚਰ, ਹੈਡ ਟੀਚਰ, ਸਰਪੰਚ, ਸਕੂੂਲ ਮੈਨੇਜਮੈਂਟ ਕਮੇਟੀਆਂ ਦੇ ਚੇਅਰਮੈਨ ਹਾਜ਼ਰ ਸਨ।ਸਮਾਗਮ ਦੌਰਾਨ ਵੱਖ ਵੱਖ ਸਕੂਲਾਂ ਨੂੰ ਸਮਾਰਟ ਪ੍ਰੋਜੈਕਟਰਾਂ ਦੇ ਪੇਸ਼ਕਸ ਪੱਤਰ ਵੀ ਦਿੱਤੇ ਗਏ।
Punjab Post Daily Online Newspaper & Print Media