ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਡੀ.ਸੀ ਥੋਰੀ ਤੇ ਵਿਧਾਇਕ ਮਾਣਿਆ ਆਨੰਦ
ਲੌਂਗੋਵਾਲ, 3 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਪ੍ਰਬੰਧਾਂ ਹੇਠ ਸਰਕਾਰੀ ਰਣਬੀਰ ਕਾਲਜ ਵਿਖੇ ਆਯੋਜਿਤ `ਸਟਾਰ ਨਾਈਟ` ਦੌਰਾਨ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਵਿਲੱਖਣ ਪੇਸ਼ਕਾਰੀ ਨਾਲ ਹਜ਼ਾਰਾਂ ਕਲਾ ਪ੍ਰੇਮੀਆਂ ਦਾ ਮਨ ਮੋਹਿਆ।
ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਘਨਸਿਆਮ ਥੋਰੀ, ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਸਮੇਤ ਵੱਡੀ ਗਿਣਤੀ ‘ਚ ਹੋਰ ਅਧਿਕਾਰੀਆਂ ਨੇ ਪਰਿਵਾਰਾਂ ਸਮੇਤ ਸਤਿੰਦਰ ਸਰਤਾਜ ਦੇ ਗੀਤਾਂ ਅਤੇ ਅਦਾਕਾਰ ਹੋਬੀ ਧਾਲੀਵਾਲ ਦੀ ਪੇਸ਼ਕਾਰੀ ਦਾ ਆਨੰਦ ਮਾਣਿਆ।ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੈਂਸਰ ਜਾਗਰੂਕਤਾ ਹਿਤ ਆਯੋਜਿਤ ਮੈਰਾਥਨ ਦੀਆਂ ਗਤੀਵਿਧੀਆਂ ਨੂੰ ਵਿਸ਼ੇਸ਼ ਸਕਰੀਨ `ਤੇ ਤਸਵੀਰਾਂ ਤੇ ਵੀਡੀਓ ਰਾਹੀਂ ਪੇਸ਼ ਕੀਤਾ ਗਿਆ ।
ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਗੌਰਵਮਈ ਵਿਰਸੇ ਨਾਲ ਨੇੜਿਓਂ ਜੋੜਨ ਅਤੇ ਲੋਕਾਂ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਅਤੇ ਨਸ਼ਿਆਂ ਦੀ ਰੋਕਥਾਮ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤੇ ਗਏ ਇਸ ਸਭਿਆਚਾਰਕ ਪ੍ਰੋਗਰਾਮ ਦੌਰਾਨ ਸਤਿੰਦਰ ਸਰਤਾਜ ਨੇ ਆਪਣੇ ਸੂਫ਼ੀਆਨਾ ਅੰਦਾਜ਼ ਵਿੱਚ ਅਜਿਹਾ ਰੰਗ ਬੰਨ੍ਹਿਆ ਕਿ ਦਰਸ਼ਕ ਆਪਣੀਆਂ ਸੀਟਾਂ ਛੱਡ ਕੇ ਨੱਚਣ ਲੱਗ ਪਏ।
ਸਮਾਗਮ ਦੀ ਸ਼ੁਰੂਆਤ ਸਤਿੰਦਰ ਸਰਤਾਜ ਨੇ ਆਪਣੇ ਪ੍ਰਸਿੱਧ ਗੀਤ `ਸਾਈਂ` ਨਾਲ ਕੀਤੀ।ਮਗਰੋਂ ਆਪਣੇ ਸ਼ਾਇਰਾਨਾ ਅੰਦਾਜ਼ `ਚ ਕਈ ਚਰਚਿਤ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ।ਗਾਇਕੀ, ਅਦਾਕਾਰੀ, ਕੋਰਿਓਗ੍ਰਾਫੀ, ਗੀਤਕਾਰੀ ਦੇ ਖੇਤਰ ਵਿੱਚ ਦੁਨੀਆਂ ਭਰ `ਚ ਆਪਣੀ ਵਿਲੱਖਣ ਕਲਾ ਦਾ ਮੁਜ਼ਾਹਰਾ ਕਰਨ ਵਾਲੇ ਸਤਿੰਦਰ ਸਰਤਾਜ ਨੇ ਕਈ ਗੀਤ ਗਾਏ।ਉਨ੍ਹਾਂ ਆਪਣੀ ਨਵੀਂ ਫਿਲਮ `ਇੱਕੋ ਮਿੱਕ` ਦਾ ਗੀਤ ਵੀ ਗਾਇਆ।
ਸਮਾਪਤੀ ਮੌਕੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਵਿਧਾਇਕ ਦਲਵੀਰ ਸਿੰਘ ਗੋਲਡੀ, ਡਿਪਟੀ ਕਮਿਸ਼ਨਰ ਘਨਸਿਆਮ ਥੋਰੀ, ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ਬੱਤਰਾ, ਏ.ਐਸ.ਪੀ ਆਦਿਤਿਯ, ਐਸ.ਪੀ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਸਤਿੰਦਰ ਸਰਤਾਜ ਅਤੇ ਹੋਬੀ ਧਾਲੀਵਾਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਵੇਰ ਸਮੇਂ ਤੰਦਰੁਸਤ ਮਿਸ਼ਨ ਪੰਜਾਬ ਅਤੇ ਡੇਪੋ ਤਹਿਤ ਸੰਗਰੂਰ ਹਾਫ਼ ਮੈਰਾਥਨ, ਦੀਵਾ ਰਨ ਅਤੇ ਫ਼ਨ ਰਨ ਵੀ ਕਰਵਾਈ ਗਈ ਸੀ।ਜਿਸ ਵਿੱਚ 10 ਹਜ਼ਾਰ ਤੋਂ ਵੱਧ ਖੇਡ ਪ੍ਰੇਮੀਆਂ ਨੇ ਸ਼ਾਮਲ ਹੋ ਕੇ ਮੁਹਿੰਮ ਨੂੰ ਵੱਡਾ ਹੁੰਗਾਰਾ ਦਿੱਤਾ ਸੀ।