ਸਿਆਸੀ ਰੋਟੀਆਂ ਸੇਕਣ ਦਾ,
ਪ੍ਰਚੱਲਤ ਹੋਇਆ ਰਿਵਾਜ਼।
ਇੱਕ ਦੂਜੇ ਦਾ ਗੱਲੀਂ ਬਾਤੀਂ,
ਖੋਲ੍ਹ ਦਿੰਦੇ ਨੇ ਪਾਜ਼।
ਜਿਹੜਾ ਜਿਆਦਾ ਚਿੱਕੜ ਸੁੱਟੇ,
ਲੀਡਰ ਘੈਂਟ ਨੇ ਕਹਿੰਦੇ।
ਇਸ ਕੰਮ ਵੇਲੇ ਕੋਈ ਨਾ ਪਿੱਛੇ,
ਲੀਡਰ ਅੱਜਕਲ੍ਹ ਰਹਿੰਦੇ।
ਹੈਰਾਨੀਜਨਕ ਤੱਥ ਸਾਹਮਣੇ,
ਟਿਕਟਾਂ ਵੇਲੇ ਆਉਂਦੇ।
ਚੱਕੇ ਜਾਂਦੇ ਨੇ ਸਭ ਦੇ ਪਰਦੇ,
ਕਿ ਮੁਰੱਬੇ ਕਿੰਝ ਬਣਾਉਂਦੇ।
ਪ੍ਰੈਸ ਕਾਨਫਰੰਸਾਂ ਦਾ ਫਿਰ,
ਚੱਲ ਪੈਂਦਾ ਹੈ ਦੌਰ।
ਦੁੱਧ ਧੋਤਾ ਫਿਰ ਜ਼ਾਹਿਰ ਨੇ ਕਰਦੇ,
ਪੜ੍ਹਿਆ ਜਿਓ ਕਰ ਗੌਰ।
ਲਏ ਹੁੰਦੇ ਫਿਰ ਜਿਸ ਤੋਂ ਲੱਖਾਂ,
ਗੱਜਦੇ ਵਿੱਚ ਮੈਦਾਨ।
ਪਾਰਟੀ ਅੰਦਰ ਮੱਚ ਹੈ ਜਾਂਦਾ,
ਵੀਰੋ ਫਿਰ ਘਮਸਾਨ।
ਝੂਠੀਆਂ ਸਹੁੰਆਂ ਖਾਂਦੇ ਵੇਖੇ,
ਕਰਨ ਲਈ ਨਿਬੇੜਾ।
ਦਿਲ ਨਹੀਂ ਮਿਲਦੇ ਮੇਰੇ ਵੀਰਨੋਂ,
ਫਿਰ ਜਾਂਦਾ ਪੈ ਬਖੇੜਾ।
ਓਟ ਆਸਰਾ ਲੈਣ ਗੁਰੂ ਦਾ,
ਪਿੱਛੋਂ ਦਰ ਓਹਦੇ ‘ਤੇ ਜਾਂਦੇ।
ਮੈਂ ਪਾਪੀ ਤੂੰ ਬਖਸ਼ਣਹਾਰਾ,
ਕਹਿ ਭੁੱਲਾਂ ਬਖਸ਼ਾਂਦੇ।
ਸੰਨ ਸੰਤਾਲੀ ਤੋਂ ਅੱਜ ਤੱਕ ਹੀ,
ਚਲਦੈ ਇਹ ਦਸਤੂਰ।
ਸਿਆਸਤਦਾਨੋਂ ਦੱਸ ਦਿਓ,
ਕੀ ਜਨਤਾ ਦਾ ਕਸੂਰ?
ਦੇਸ਼ ਵਾਸੀਆਂ ਦੀਆਂ ਸੱਧਰਾਂ ਦਾ,
ਗਲਾ ਕਿਉਂ ਘੁੱਟੀ ਜਾਂਦੇ।
ਦੋਵੇਂ ਹੱਥੀਂ ਭਾਰਤ ਦੇਸ਼ ਨੂੰ,
ਕਾਹਤੋਂ ਲੁੱਟੀ ਜਾਂਦੇ।
ਭ੍ਰਿਸ਼ਟਾਚਾਰੀ ਤੇ ਬੇਰੁਜ਼ਗਾਰੀ ਦਾ,
ਮਰਿਆ ਸੱਪ ਗਲ ਪੈ ਗਿਆ।
ਮੂੰਹ ਵਿਖਾਉਣ ਜੋਗਾ ਬੰਦਾ,
ਕਿਸੇ ਪਾਸੇ ਨਾ ਰਹਿ ਗਿਆ।
ਇਮਾਨਦਾਰੀ ਦੀ ਸਿਆਸਤ ਕਰਕੇ,
ਦਾਗ ਇਹ ਦੋਸਤੋ ਲਾਹ ਦਿਓ।
ਆਖੇ ਦੱਦਾਹੂਰੀਆ ਸ਼ਰਮਾ,
ਨਵੇਂ ਪੂਰਨੇ ਪਾ ਦਿਓ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ – 95691 49556