Saturday, April 13, 2024

ਨਾਨਕ ਦਾ ਸਿੱਖ

ਉਸਦੇ ਦੱਸੇ ਰਸਤੇ ਜਾਵਾਂ
ਬਾਣੀ ਦੇ ਸੰਗ ਮਨ ਰੁਸ਼ਨਾਵਾਂ
ਨਾਨਕ ਦੇ ਜੇ ਬੋਲ ਪੁਗਾਵਾਂ
ਤਦ ਨਾਨਕ ਦਾ ਸਿੱਖ ਕਹਾਵਾਂ।

ਵਹਿਮਾਂ ਭਰਮਾਂ ਨੂੰ ਜੇ ਮੈਂ ਭੁੱਲਾਂ
ਤਰ ਜਾਵਣ ਫਿਰ ਮੇਰੀਆਂ ਕੁੱਲਾਂ
ਨ੍ਹੇਰੇ ਜੋ ਇਸ ਜੱਗ ਕਰੇ ਨੇ
ਬਾਣੀ ਦੇ ਸੰਗ ਦੂਰ ਭਜਾਵਾਂ।
ਤਦ ਨਾਨਕ ਦਾ….

ਕੁਦਰਤ ਦੇ ਵਿੱਚ ਵੇਖਾਂ ਰੱਬ ਨੂੰ
ਮੱਥਾ ਟੇਕਾਂ ਬਾਕੀ ਸਭ ਨੂੰ
ਝੂਠ ਅਡੰਬਰ ਭੁੱਲ ਕੇ ਸਾਰੇ
ਜੀਵਨ ਏਦਾਂ ਸਫ਼ਲ ਬਣਾਵਾਂ।
ਤਦ ਨਾਨਕ ਦਾ…

ਵੰਡ ਛਕਾਂ ਮੈਂ ਜੋ ਵੀ ਮਿਲਦਾ
ਹਰ ਦੁੱਖ ਮਿਟ ਜੂ ਮੇਰੇ ਦਿਲ ਦਾ
ਮਿਹਨਤ ਦਾ ਮੁੱਲ ਦੇਵਾਂ ਸਭ ਨੂੰ
ਹੱਕ ਕਿਸੇ ਦਾ ਨਾ ਮੈਂ ਖਾਵਾਂ।
ਤਦ ਨਾਨਕ ਦਾ…

ਦੋਹੀਂ ਹੱਥੀਂ ਕਿਰਤ ਕਰਾਂ ਮੈਂ
ਘਰ ਫਿਰ ਮਿਹਨਤ ਨਾਲ ਭਰਾਂ ਮੈਂ
ਜੋ ਵੀ ਦਾਤਾਂ ਮਿਲੀਆਂ ਜੱਗ ‘ਤੇ
ਉਸ ਦਾਤੇ ਦਾ ਸ਼ੁਕਰ ਮਨਾਵਾਂ।
ਤਦ ਨਾਨਕ ਦਾ…

ਜਾਤ ਪਾਤ ਦਾ ਭੇਦ ਕਰਾਂ ਨਾ
ਐਸੇ ਕੋਈ ਖੇਦ ਕਰਾਂ ਨਾ
ਇੱਕੋ ਨੂਰ ‘ਚੋਂ ਉਪਜੇ ਮੰਨ ਕੇ
ਹਰ ਬੰਦੇ ਨੂੰ ਗਲ ਨਾਲ ਲਾਵਾਂ।
ਤਦ ਨਾਨਕ ਦਾ..

ਬਾਬੇ ਨਾਨਕ ਸੀ ਸਮਝਾਇਆ
ਛੋਟਾ ਵੱਡਾ ਔਰਤ ਜਾਇਆ
ਜੱਗ ਜਨਣੀ ਦੀ ਕਦਰ ਕਰਾਂ ਮੈਂ
ਉਸ ਦੇ ਅੱਗੇ ਸੀਸ ਨਿਵਾਵਾਂ।
ਤਦ ਨਾਨਕ ਦਾ..

Hardeep Birdi

 

 

 

ਹਰਦੀਪ ਬਿਰਦੀ
ਮੋ – 90416 00900

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …