ਬਤੌਰ ਨਾਇਕਾ ‘ਸੁਫ਼ਨਾ‘ ਫ਼ਿਲਮ ਰਾਹੀਂ ਆਪਣੇ ਕੈਰੀਅਰ ਨੂੰ ਸਫ਼ਲਤਾ ਦੀ ਪਰਵਾਜ਼ ਦੇਣ ਵਾਲੀ ਤਾਨੀਆ ਦੀ ਅਜਕਲ ਚਾਰੇ ਪਾਸੇ ਚਰਚਾ ਹੋ ਰਹੀ ਹੈ।ਉਸ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਪ੍ਰਭਾਿਵਤ ਕੀਤਾ ਹੈ।ਜਿਥੇ ‘ਸੁਫ਼ਨਾ‘ ਨੇ ਵਪਾਰਕ ਪਖੋਂ ਪੰਜਾਬੀ ਸਿਨੇਮੇ ਨੂੰ ਮਜ਼ਬੂਤ ਕੀਤਾ ਹੈ, ਉਥੇ ਤਾਨੀਆ ਦੀ ਅਦਾਕਾਰੀ ਨੂੰ ਵੀ ਸਿਖ਼ਰਾਂ ‘ਤੇ ਪਹੁੰਚਾਇਆ ਹੈ।ਹੁਣ ਉਹ ਸਮਾਂ ਦੂਰ ਨਹੀਂ, ਜਦ ਹਰੇਕ ਨਿਰਮਾਤਾ-ਨਿਰਦੇਸ਼ਕ ਆਪਣੀ ਫ਼ਿਲਮ ਲਈ ਤਾਨੀਆ ਨੂੰ ਹੀ ਆਪਣੀਆਂ ਫਿਲ਼ਮਾ ਦੀ ਨਾਇਕਾ ਚੁਣਨ ਦੀ ਸੋਚ ਰੱਖਗਾ।
ਤਾਨੀਆ ਦੀ ਖੂਬਸੁਰਤੀ, ਅਦਾਵਾਂ ਤੇ ਕਿਰਦਾਰ ਵਿੱਚ ਢਲਣ ਦੀ ਕਾਬਲੀਅਤ ਅੱਜ ਹਰ ਕੋਈ ਪ੍ਰਸੰਸ਼ਾ ਕਰ ਰਿਹਾ ਹੈ।ਇਸ ਪਿੱਛੇ ਉਸ ਦੀ ਸਾਲਾਂ ਦੀ ਸਖ਼ਤ ਮੇਹਨਤ ਹੈ।ਤਾਨੀਆ ਖੁਸ਼ ਹੈ ਕਿ ਉਸ ਦੀ ਮੇਹਨਤ ਨੂੰ ਫ਼ਲ ਲੱਗਿਆ ਹੈ।ਤਾਨੀਆ ਇਸ ਸਫਲਤਾ ਪਿੱਛੇ ਸਭ ਤੋਂ ਪਹਿਲਾਂ ਆਪਣੀ ਫੈਮਲੀ ਦਾ ਵੱਡਾ ਸਹਿਯੋਗ ਮੰਨਦੀ ਹੈ।ਜਿੰਨ੍ਹਾਂ ਨੇ ਇਸ ਖੇਤਰ ‘ਚ ਅੱਗੇ ਵਧਣ ਦੀ ਸਹਿਮਤੀ ਦਿੰਦਿਆਂ ਕਦਮ-ਕਦਮ ‘ਤੇ ਉਸ ਦਾ ਸਾਥ ਦਿੱਤਾ।ਫ਼ਿਰ ਉਹ ਸ਼ੁਕਰਗੁਜ਼ਾਰ ਹੈ ਜਗਦੀਪ ਸਿੱਧੂ ਤੇ ਸਮੁੱਚੀ ਟੀਮ ਦੀ ਜਿੰਨ੍ਹਾਂ ਨੇ ਉਸ ਅੰਦਰਲੀ ਕਲਾ ਨੂੰ ਪਛਾਣਦਿਆਂ ‘ਤੇਗ‘ ਦੇ ਕਿਰਦਾਰ ਲਈ ਚੁਣ ਕੇ ਇੱਕ ਨਾਇਕਾ ਦੇ ਰੂਪ ਵਿੱਚ ਉਸ ਦਾ ਸੁਪਨਾ ਸੱਚ ਕਰਨ ‘ਚ ਮਦਦ ਕੀਤੀ।ਉਹ ਆਪਣੇ ਲੱਖਾਂ ਕਰੋੜਾਂ ਦਰਸ਼ਕਾਂ/ਪ੍ਰਸ਼ੰਸ਼ਕਾਂ ਦੀ ਵੀ ਧੰਨਵਾਦੀ ਹੈ, ਜਿੰਨ੍ਹਾ ਨੇ ਉਸ ਦੀਆਂ ਫ਼ਿਲਮਾਂ ਨੂੰ ਪਿਆਰ ਦਿੱਤਾ ਤੇ ਭਵਿੱਖ ਵਿੱਚ ਵੀ ਉਸ ਨੂੰ ਇਸੇ ਤਰਾਂ ਪਿਆਰ ਦਿੰਦੇ ਰਹਿਣਗੇ।
‘ਸੁਫ਼ਨਾ ਦੀ ਸੂਟਿੰਗ ਦੌਰਾਨ ਰਾਜਸਥਾਨ ਦੇ ਪੰਜਾਬੀ ਪਿੰਡਾਂ ਵਿੱਚ ਬਿਤਾਏ ਪਲ ਉਸ ਦੀ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਬਣ ਚੁੱਕੀਆਂ ਹਨ।ਪਿੰਡਾਂ ਦੇ ਨਿਰੋਲ ਕਲਚਰ ਨਾਲ ਉਸ ਨੂੰ ਸਚੁਮੱਚ ਹੀ ਬਹੁਤ ਮੋਹ ਹੈ।ਤਾਨੀਆ ਦੀਆਂ ਪਿਛਲੀਆਂ ਫ਼ਿਲਮਾਂ ‘ਤੇ ਝਾਤ ਮਾਰੀਏ ਤਾਂ ਤਾਨੀਆ ਨੇ ‘ਸਨ ਆਫ਼ ਮਨਜੀਤ ਸਿੰਘ‘ ਤੋਂ ਫ਼ਿਲਮੀ ਸਫ਼ਰ ਦਾ ਆਗਾਜ਼ ਕੀਤਾ।ਪਰ ਇਸ ਫ਼ਿਲਮ ਦੀ ਰਲੀਜ਼ ਪਹਿਲਾਂ ਹੀ ਉਸ ਦੀ ਦੂਸਰੀ ਫ਼ਿਲਮ ‘ਕਿਸਮਤ‘ ਬਣ ਕੇ ਰਲੀਜ਼ ਹੋ ਗਈ ਸੀ, ਜਿਸ ਵਿੱਚ ਉਸ ਨੇ ਇਕ ਅਰਥ ਭਰਪੂਰ ਕਿਰਦਾਰ ਨਿਭਾਅ ਕੇ ਦਰਸ਼ਕਾਂ ‘ਚ ਪਛਾਣ ਬਣਾਈ।ਫਿਰ ‘ਰੱਬ ਦਾ ਰੇਡੀਓ‘ ਵਿੱਚ ਵੀ ਉਸ ਨੂੰ ਚੰਗਾ ਕੰਮ ਕਰਨ ਦਾ ਮੌਕਾ ਮਿਲਿਆ।‘ਗੁੱਡੀਆ ਪਟੋਲੇ‘ ਵਿੱਚ ਵੀ ਉਸ ਦੀ ਅਦਾਕਾਰੀ ਕਾਬਲੇਗੌਰ ਰਹੀ।ਇਸ ਫ਼ਿਲਮ ਵਿੱਚ ਉਹ ਭਾਵੇਂ ਸੈਕਿੰਡ ਲੀਡ ਵਿੱਚ ਸੀ, ਪਰ ਉਸ ਦੀ ਅਦਾਕਾਰੀ ‘ਚੋਂ ਅਨੇਕਾਂ ਰੰਗ ਨਜ਼ਰ ਆਏ। ਆਉਣ ਵਾਲੇ ਦਿਨਾਂ ਵਿੱਚ ਵੀ ਉਸ ਕੋਲ ਕਈ ਚੰਗੀਆਂ ਫ਼ਿਲਮਾਂ ਹਨ।ਜੋ ਉਸ ਦੇ ਭਵਿੱਖ ਨੂੰ ਹੋਰ ਵੀ ਚਮਕਾਉਣ ਦੇ ਸਮੱਰਥ ਹੋਣਗੀਆ।ਪੰਜਾਬੀ ਸਿਨੇਮੇ ਨੂੰ ਤਾਨੀਆ ਤੋਂ ਚੰਗੀਆਂ ਉਮੀਦਾਂ ਹਨ।
ਹਰਜਿੰਦਰ ਸਿੰਘ ਜਵੰਦਾ
ਪਟਿਆਲਾ।