
ਪਟਿਆਲਾ, 6 ਅਕਤੂਬਰ (ਪੰਜਾਬ ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਰਾਜਪਾਲ ਸ਼ੀ ਰਾਮ ਨਾਇਕ ਅਤੇ ਕੇਰਲ ਦੇ ਰਾਜਪਾਲ ਜਸਟਿਸ (ਰਿਟਾ.) ਪੀ. ਸਥਾਸ਼ਿਵਮ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸਰਦਾਰ ਐਸ. ਪੀ ਸਿੰਘ ਓਬਰਾਏ ਨੂੰ ਬੀਤੇ ਦਿਨੀਂ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਕਰਵਾਏ ਗਏ ਇਕ ਸਮਾਰੋਹ ਦੌਰਾਨ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ।
ਇਹ ਸਮਾਗਮ ਕੰਨਫੈਡਰੇਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਵਲੋਂ ਵਰਲਡ ਟੀਚਰਜ਼ ਡੇਅ ਅਤੇ ਕੰਨਫੈਡਰੇਸ਼ਨ ਦੀ 10ਵੀਂ ਵਰੇਗੰਡ ਦੇ ਮੌਕੇ ਤੇ ਆਯੋਜਿਤ ਕੀਤਾ ਗਿਆ ਸੀ।ਕੰਨਫੈਡਰੇਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਪ੍ਰਧਾਨ ਡਾ. ਪੀ ਆਰ ਤ੍ਰਿਵੇਦੀ ਨੇ ਸ. ਓਬਰਾਏ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਸ. ਓਬਰਾਏ ਵਲੋਂ ਕੀਤੇ ਜਾ ਰਹੇ ਭਲਾਈ ਦੇ ਕੰਮਾਂ ਬਾਰੇ ਦੋਹਾਂ ਰਾਜਪਾਲਾਂ, ਉਥੇ ਹਾਜ਼ਰ 7 ਦੇਸ਼ਾਂ ਦੇ ਰਾਜਦੂਤਾਂ ਅਤੇ ਹੋਰ ਪ੍ਰਤਿਭਾਸ਼ਾਲੀ ਮਹਿਮਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਕਿ ਆਪਣੀ ਮਿਹਨਤ ਦੀ ਕਮਾਈ ਵਿਚੋਂ ਕਰੋੜਾਂ ਰੁਪਏ ਦੀ ਬਲੱਡ ਮਨੀ ਦੇ ਕੇ 17 ਭਾਰਤੀਆਂ ਨੂੰ ਫਾਂਸੀ ਦੇ ਫੰਦੇ ਤੋਂ ਛੁਡਾ ਕੇ ਸ੍ਰ. ਓਬਰਾਏ ਨੇ ਉਨਾਂ ਨੂੰ ਨਵਾਂ ਜੀਵਨ ਦਿਤਾ ।
ਉਤਰ ਪ੍ਰਦੇਸ਼ ਦੇ ਰਾਜਪਾਲ ਸ਼ੀ ਰਾਮ ਨਾਇਕ ਅਤੇ ਕੇਰਲ ਦੇ ਰਾਜਪਾਲ ਜਸਟਿਸ (ਰਿਟਾ.) ਪੀ. ਸਥਾਸ਼ਿਵਮ ਨੇ ਬੋਲਦੇ ਹੋਏ ਸ. ਓਬਰਾਏ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਤੇ ਕੰਨਫੈਡਰੇਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਪ੍ਰਧਾਨ ਡਾ. ਪੀ ਆਰ ਤ੍ਰਿਵੇਦੀ ਵਲੋਂ ਛਾਪੀ ਗਈ ਡਾਇਰੈਕਟਰੀ ਦੀ ਇਕ ਕਾਪੀ ਵੀ ਸ. ਓਬਰਾਏ ਨੂੰ ਭੇਂਟ ਕੀਤੀ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ, ਦਿੱਲੀ ਯੂਨਿਟ ਦੇ ਪ੍ਰਧਾਨ ਕੰਵਰਜੀਤ ਸਿੰਘ ਕੋਛੜ, ਸਕੱਤਰ ਬਿਪਨ ਸ਼ਰਮਾ ਅਤੇ ਹਰਵਿੰਦਰ ਸਿੰਘ ਕੂੱਕੂ ਵੀ ਹਾਜ਼ਰ ਸਨ ।
ਚੇਤੇ ਰਹੇ ਸ. ਓਬਰਾਏ ਨੂੰ ਪੰਜਾਬ, ਹਰਿਆਣਾ ਦਿੱਲੀ ਆਦਿ ਸਰਕਾਰਾਂ ਵਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ। ਇਸੇ ਸਾਲ ਹੀ ਹਾਊਸ ਆਫ ਲਾਰਡਜ਼ ਵਲੋਂ ਸਿੱਖ ਆਫ ਦਾ ਈਯਰ ਐਵਾਰਡ ਅਤੇ ਹਾਲ ਵਿਚ ਹੀ ਰਾਜ ਸਭਾ ਦੇ ਮੈਂਬਰ ਡਾ: ਕਰਨ ਸਿੰਘ ਨੇ ਸਰਦਾਰ ਐਸ.ਪੀ. ਸਿੰਘ ਓਬਰਾਏ ਨੂੰ ਰਾਜੀਵ ਗਾਂਧੀ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਐਵਾਰਡ ਸਮਾਰੋਹ ਤੋਂ ਬਾਅਦ ਅਕਾਦਮਿਕ ਸ਼ੈਸ਼ਨ ਦੌਰਾਨ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾਇਰੈਕਟਰ ਡਾ. ਮਦਨ ਲਾਲ ਹਸੀਜਾ ਨੇ ਇਸ ਮੌਕੇ ਤੇ ਹਾਜ਼ਰ ਸਪੇਨ, ਬੋਲੀਵੀਆ, ਗਿਨੀ, ਮਾਲਾਵੀ, ਰਵਾਂਡਾ, ਇੰਡੋਨੇਸ਼ੀਆ, ਡੈਨਮਾਰਕ ਦੇ ਰਾਜਦੂਤਾਂ ਨੂੰ ਟਰੱਸਟ ਵਲੋਂ ਕੀਤੇ ਜਾ ਰਹੇ ਦੇ ਕੰਮਾਂ ਦਾ ਬਿਓਰਾ ਵੀ ਦਿੱਤਾ, ਜਿਸ ਵਿਚ ਇਨਾਂ ਰਾਜਦੂਤਾਂ ਨੇ ਬਹੁਤ ਦਿਲਚਸਪੀ ਵਿਖਾਈ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media