44 ਲੱਖ ਨਗਦੀ , 3 ਇਨੌਵਾ ਗੱਡੀ ਅਤੇ ਫਿਲਮ ਕਿਨਾਂ ਕਰਦੇ ਹਾਂ ਪਿਆਰ ਦੀਆਂ ਡਿਸਕਾਂ ਬਰਾਮਦ
ਫਾਜਿਲਕਾ, 7 ਅਕਤੂਬਰ (ਵਿਨੀਤ ਅਰੋੜਾ) – ਸਾਲਾਂ ਤੋਂ ਸਟੇਟ ਬੈਂਕ ਆਫ ਇੰਡੀਆ, ਸੈਂਟਰਲ ਬੈਂਕ ਆਫ ਇੰਡੀਆ ਅਤੇ ਆਈਸੀਆਈਸੀਆਈ ਬੈਂਕਾਂ ਦੇ ਵੱਖ-ਵੱਖ ਏਟੀਐਮਾਂ ਤੋਂ ਪੈਸਾ ਕਢਵਾਉਣ ਵਾਲੇ ਚਾਰ ਕਥਿਤ ਦੋਸ਼ੀਆਂ ਨੂੰ ਐਸਐਸਪੀ ਸਵਪਨ ਸ਼ਰਮਾ ਦੀ ਅਗਵਾਈ ਵਿਚ ਪੁਲਸ ਟੀਮ ਨੇ ਗ੍ਰਿਫਤਾਰ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁੱਖੀ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਈਐਸਐਸਐਸਡੀਬੀ ਸਿਕਿਓਰਟੀ ਪ੍ਰਾਇਵੇਟ ਲਿਮਟਿਡ ਮੋਹਾਲੀ ਦੇ ਸੁਪਰਵਾਈਜ਼ਰ ਜਸਬੀਰ ਸਿੰਘ ਨੇ 24 ਸਤੰਬਰ 2014 ਨੂੰ ਜਾਣਕਾਰੀ ਦਿਤੀ ਕਿ ਉਨ੍ਹਾਂ ਦੀ ਕੰਪਨੀ ਕੋਲ ਐਸਬੀਆਈ, ਸੀਬੀਆਈ ਅਤੇ ਆਈਸੀਆਈਸੀਆਈ ਬੈਂਕਾਂ ਦੇ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਦੇ ਏਟੀਐਮ’ਜ ਹਨ, ਜਿਨ੍ਹਾਂ ਵਿਚ ਪੈਸਾ ਪਾਉਣ ਦੇ ਕੰਮ ਲਈ ਜਗਸੀਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਖੂਈਖੇੜਾ, ਮੁਕੇਸ਼ ਕੁਮਾਰ ਪੁੱਤਰ ਪੂਰਨ ਚੰਦ ਅਤੇ ਗੁਰਚਰਨ ਸਿੰਘ ਪੁੱਤਰ ਮੁਖਤਿਆਰ ਸਿੰਘ ਬਤੌਰ ਕਸਟੋਡੀਅਨ ਕੰਮ ਕਰਦੇ ਹਨ। ਇਹ ਵਿਅਕਤੀ ਵੱਖ-ਵੱਖ ਬੈਂਕਾਂ ਦੇ ਏਟੀਐਮ’ਜ ਵਿਚੋਂ ਕਰੀਬ 31 ਲੱਖ 53 ਹਜ਼ਾਰ 800 ਰੁਪਏ ਲੈਕੇ ਫਰਾਰ ਹੋ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਪਾਸ ਹੀ ਏਟੀਐਮ ਦੇ ਪੈਸੇ, ਚਾਬੀਆਂ ਅਤੇ ਪਾਸਵਰਡ ਹੁੰਦੇ ਹਨ। ਤਫਤੀਸ਼ ਦੌਰਾਨ ਪੁਲਸ ਨੇ ਜਸਬੀਰ ਸਿੰਘ ਦੇ ਬਿਆਨਾਂ ਤੇ ਹੀ ਰੁਪਿੰਦਰ ਸਿੰਘ ਅਤੇ ਪਵਿੱਤਰ ਸਿੰਘ ਦੇ ਨਾਮ ਸ਼ਾਮਲ ਕਰ ਕੇ ਕੇਸ ਵਿਚ ਵਾਧਾ ਕੀਤਾ। ਉਨ੍ਹਾਂ ਦੱਸਿਆ ਕਿ ਕਥਿਤ ਤਿੰਨ ਦੋਸ਼ੀਆਂ ਵਿਚੋਂ 2 ਦੋਸ਼ੀ ਅਤੇ ਰੁਪਿੰਦਰ ਸਿੰਘ ਤੇ ਪਵਿੱਤਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕੰਮ ਨੂੰ ਨੇਪਰੇ ਚੜ੍ਹਾਉ ਵਿਚ ਜ਼ਿਲ੍ਹਾ ਦੀ ਪੂਰੀ ਪੁਲਸ ਟੀਮ ਜਿਸ ਵਿਚ ਐਸਪੀ ਅਬੋਹਰ ਹਰਜੀਤ ਸਿੰਘ, ਗੁਰਮੀਤ ਸਿੰਘ ਡੀਐਸਪੀ (ਡੀ), ਥਾਣਾ ਸਿਟੀ ਐਸਐਚਓ ਫਾਜ਼ਿਲਕਾ ਬਿਟਨ ਕੁਮਾਰ, ਸੀਆਈਏ ਸਟਾਫ ਇੰਚਾਰਜ਼ ਰਜਿੰਦਰ ਸਿੰਘ ਨੇ ਐਸਐਸਪੀ ਸਵੱਪਨ ਸ਼ਰਮਾ ਦੀ ਅਗਵਾਈ ਵਿਚ 4 ਵਿਅਕਤੀਆਂ ਮੁਕੇਸ਼ ਕੁਮਾਰ, ਗੁਰਚਰਨ ਸਿੰਘ, ਰੁਪਿੰਦਰ ਸਿੰਘ, ਗੁਰਚਰਨ ਸਿੰਘ ਨੂੰ 3 ਗੱਡੀਆਂ ਅਤੇ 44 ਲੱਖ ਰੁਪਏ ਸਮੇਤ ਮਲੋਟ ਰੋਡ ਫਾਜ਼ਿਲਕਾ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਦੋਸ਼ੀਆਂ ਤੇ ਮੁਕੱਦਮਾ ਨੰਬਰ 105 ਧਾਰਾ 380। 408, 409 ਅਤੇ 120 ਬੀ ਦਰਜ਼ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦੱਸਿਆ ਕਿ ਇਕ ਕਥਿਤ ਦੋਸ਼ੀ ਜਗਸੀਰ ਸਿੰਘ ਹਾਲੇ ਫਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।