ਅੰਮ੍ਰਿਤਸਰ, 8 ਅਕਤੂਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਵਿਖੇ ਦੀਵਾਲੀ ਤਿਉਹਾਰ ਨੂੰ ਸਮਰਪਿਤ ਹਾਕੀ ਅਤੇ ਹੈਂਡਬਾਲ ਦੇ 3 ਰੋਜ਼ਾ ਵਿਸ਼ੇਸ਼ ਮੁਕਾਬਲੇ 11 ਤੋਂ 13 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਜਿਸਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਐੱਚ. ਐੱਸ. ਰੰਧਾਵਾ ਤੇ 13 ਅਕਤੂਬਰ ਟੂਰਨਾਮੈਂਟ ਦੀ ਸਮਾਪਤੀ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜੇਤੂ ਆਈਆਂ ਟੀਮਾਂ ਨੂੰ ਇਨਾਮ ਤਕਸੀਮ ਕਰਨਗੇ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ 3 ਦਿਨਾਂ ਉਕਤ ਟੂਰਨਾਮੈਂਟ ਵਿੱਚ ਪੰਜਾਬ ਭਰ ਦੇ ਸਕੂਲਾਂ, ਕਾਲਜਾਂ ਅਤੇ ਕਲੱਬਾਂ ਦੇ ਅੰਡਰ-20 ਵਰਗ ਦੇ ਖਿਡਾਰੀਆਂ ਦਰਮਿਆਨ ਹਾਕੀ ਅਤੇ ਹੈਂਡਬਾਲ ਦੇ ਵਿਸ਼ੇਸ਼ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ, ਜਿਸਦਾ ਮਨੋਰਥ ਖਿਡਾਰੀਆਂ ਅੰਦਰ ਖੇਡ ਅਤੇ ਮੁਕਾਬਲੇ ਦੀ ਭਾਵਨਾ ਨੂੰ ਪੈਦਾ ਕਰਨਾ ਹੈ ਤਾਂ ਜੋ ਅੱਜ ਦਾ ਨੌਜਵਾਨ ਵਰਗ ਸਾਡੇ ਪਵਿੱਤਰ ਦਿਹਾੜਿਆਂ ਦੀ ਸਾਰਥਿਕਤਾ ਨੂੰ ਸਮਝ ਸਕੇ ਅਤੇ ਮਹਾਂਪੁਰਖਾਂ ਵੱਲੋਂ ਦਰਸਾਏ ਗਏ ਮਾਰਗ ‘ਤੇ ਚਲ ਸਕਣ।
ਕਾਲਜ ਦੇ ਖੇਡ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੇ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਾਲਜ ਦੇ ਸਮੂੰਹ ਸਟਾਫ ਦੀਆਂ ਕਮੇਟੀਆਂ ਬਣਾ ਕੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਸ਼ੂਰੂਆਤ 11 ਅਕਤੂਬਰ ਦਿਨ ਸ਼ਨੀਵਾਰ ਸਵੇਰੇ 11:00 ਵਜੇ ਹੋਵੇਗੀ। 3 ਰੋਜ਼ਾ ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਦੇ ਹਾਕੀ ਅਤੇ ਹੈਂਡਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਅੰਤਿਮ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਸੁਖਦੇਵ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।