ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਕਾਨੂੰਨੀ ਜਾਗਰੂਕਤਾ ਕੈਂਪ
ਜਲੰਧਰ, 10 ਅਕਤੂਬਰ (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ ਭੰਡਾਲ) – ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਸਥਾਨਕ ਪਰਿਆਸ ਸਕੂਲ ਵਿਖੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਆਰ.ਐਸ.ਅੱਤਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਰਾਣਾ ਕੰਵਰਦੀਪ ਕੌਰ ਵੀ ਹਾਜ਼ਰ ਸਨ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਆਰ.ਐਸ.ਅੱਤਰੀ ਨੇ ਆਖਿਆ ਕਿ ਮਾਨਸਿਕ ਰੋਗੀ ਵੀ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ ਤਹਿਤ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਸਕਦੇ ਹਨ ਅਤੇ ਮਾਨਸਿਕ ਰੋਗੀ ਸਮਾਜ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗੀਆਂ ਪ੍ਰਤੀ ਸਭ ਦਾ ਰਵੱਈਆ ਇਨਸਾਨੀਅਤ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ 1987 ਤਹਿਤ ਐਸ.ਸੀ./ਕਬੀਲੇ ਦੇ ਮੈਂਬਰ, ਔਰਤ/ਬੱਚੇ, ਹਿਰਾਸਤ ਵਿੱਚ ਵਿਅਕਤੀ, ਉਦਯੋਗਿਕ ਕਾਮੇ, ਵੱਡੀ ਮੁਸੀਬਤ ਦੇ ਮਾਰੇ ਅਤੇ ਹਰ ਉਹ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਦੇ ਹੱਕਦਾਰ ਹਨ ਜਿਨ੍ਹਾਂ ਦੀ ਸਾਲਾਨਾ ਆਮਦਨ ਡੇਢ ਲੱਖ ਰੁਪਏ ਤੋਂ ਘੱਟ ਹੋਵੇ।
ਮੈਡਮ ਰਾਣਾ ਕੰਵਰਦੀਪ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਜਾਂ ਕਚਹਿਰੀ ਵਿਖੇ ਉਨ੍ਹਾਂ ਨਾਲ ਜਾਂ ਕਚਹਿਰੀ ਵਿਖੇ ਬਣੇ ਫਰੰਟ ਆਫਿਸ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਸਕੂਲ ਦੇ ਬੱਚਿਆਂ ਨੂੰ ਬਿਸਕੁਟ ਅਤੇ ਚਾਕਲੇਟ ਵੀ ਵੰਡੇ ਗਏ। ਇਸ ਮੌਕੇ ਕਰ ਤੇ ਆਬਕਾਰੀ ਕਮਿਸ਼ਨਰ ਜਲੰਧਰ ਸ੍ਰੀਮਤੀ ਸਰੋਜਨੀ ਗੌਤਮ ਸ਼ਾਰਦਾ, ਵਕੀਲ ਸ੍ਰੀ ਕੇ.ਐਸ.ਰੰਧਾਵਾ, ਵਕੀਲ ਮਿਸ ਆਭਾ ਨਾਗਰ ਅਤੇ ਸਕੂਲ ਦਾ ਪ੍ਰਬੰਧਕੀ ਸਟਾਫ ਹਾਜ਼ਰ ਸਨ।
ਇਸੇ ਤਰ੍ਹਾਂ ਗੁਰੂ ਨਾਨਕ ਅਪਾਹਜ ਆਸ਼ਰਮ ਪਿੰਡ ਬੁਢਿਆਣਾ ਵਿਖੇ ਵੀ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਰਾਣਾ ਕੰਵਰਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਖਿਆ ਕਿ ਮਾਨਸਿਕ ਰੋਗੀ/ਅਪੰਗ ਵਿਅਕਤੀ ਵੀ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ ਤਹਿਤ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਮਨੋਚਿਕਿਤਸਕ, ਸਿਵਲ ਹਸਪਤਾਲ ਜਲੰਧਰ, ਡਾ. ਅਮਨ ਸੂਦ ਵੱਲੋਂ ਮਾਨਸਿਕ ਰੋਗੀਆਂ ਦਾ ਮੈਡੀਕਲ ਚੈੱਕ ਅੱਪ ਕੀਤਾ ਗਿਆ ਅਤੇ ਪ੍ਰਬੰਧਕਾਂ ਨੂੰ ਆਖਿਆ ਕਿ ਇਨ੍ਹਾਂ ਰੋਗੀਆਂ ਦਾ ਕਲੀਨਕਲ ਮੈਂਟਲ ਅਸੈਸਮੈਂਟ ਸਿਵਲ ਹਸਪਤਾਲ ਤੋਂ ਕਰਵਾਇਆ ਜਾਵੇ ਤਾਂ ਜੋ ਇਨ੍ਹਾਂ ਮਾਨਸਿਕ ਰੋਗੀਆਂ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾ ਸਕੇ। ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀ ਅਤੇ ਆਸ਼ਰਮ ਦਾ ਪ੍ਰਬੰਧਕੀ ਸਟਾਫ ਹਾਜ਼ਰ ਸਨ।