ਸਰਕਾਰ ਨਾਲ ਗੱਲਬਾਤ ਜਾਰੀ ਰੱਖਣ ਤੇ ਸੁਪਰੀਮ ਕੋਰਟ ’ਚ ਪੁਟੀਸ਼ਨ ਦਾਇਰ ਕਰਨ ’ਤੇ ਬਣੀ ਸਹਿਮਤੀ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਉੜੀਸਾ ’ਚ ਜਗਨਨਾਥ ਪੁਰੀ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਮੰਗੂ ਮੱਠ ਸਬੰਧੀ ਸਬ-ਕਮੇਟੀ ਦੀ ਇਕੱਤਰਤਾ ਅੱਜ ਵੀਡੀਓ ਕਾਨਫਰੰਸ ਰਾਹੀਂ ਹੋਈ।ਜਿਸ ਵਿਚ ਵੱਖ-ਵੱਖ ਥਾਵਾਂ ਤੋਂ ਮੈਂਬਰਾਂ ਨੇ ਜੁੜ ਕੇ ਆਪਣੇ ਸੁਝਾਅ ਦਿੱਤੇ।ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਚਲਾਈ ਗਈ ਇਸ ਇਕੱਤਰਤਾ ਵਿਚ ਇਤਿਹਾਸਕ ਅਸਥਾਨ ਦਾ ਪ੍ਰਬੰਧ ਪ੍ਰਾਪਤ ਕਰਨ ਸਬੰਧੀ ਉੜੀਸਾ ਸਰਕਾਰ ਨਾਲ ਗੱਲਬਾਤ ਜਾਰੀ ਰੱਖਣ ਦੇ ਨਾਲ ਨਾਲ ਸੁਪਰੀਮ ਕੋਰਟ ਵਿਖੇ ਪੁਟੀਸ਼ਨ ਦਾਇਰ ਕਰਨ ਲਈ ਕਾਗਜ਼ਾਤ ਤਿਆਰ ਕਰਨ ਦੀ ਸਹਿਮਤੀ ਬਣੀ।ਕੇਸ ਸਬੰਧੀ ਸੀਨੀਅਰ ਵਕੀਲ ਬ੍ਰਿਜਿੰਦਰ ਸਿੰਘ ਲੂੰਬਾ ਕਾਰਵਾਈ ਕਰਨਗੇ।
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਅਤੇ ਕੋਆਰਡੀਨੇਟਰ ਸਕੱਤਰ ਸਿੰਘ ਮੀਤ ਸਕੱਤਰ ਦੀ ਮੌਜੂਦਗੀ ‘ਚ ਵੱਖ-ਵੱਖ ਮੈਂਬਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਗਈ।ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਕਿ ਇਤਿਹਾਸਕ ਮੰਗੂ ਮੱਠ ਦਾ ਪ੍ਰਬੰਧ ਪ੍ਰਾਪਤ ਕਰਨ ਲਈ ਉੜੀਸਾ ਦੇ ਮੁੱਖ ਮੰਤਰੀ ਨਾਲ ਗੱਲਬਾਤ ਤੋਂ ਇਲਾਵਾ ਸੁਪਰੀਮ ਕੋਰਟ ਵਿਖੇ ਪੁਟੀਸ਼ਨ ਦਾਇਰ ਕੀਤੀ ਜਾਵੇ।
ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਇਤਿਹਾਸਕ ਮੰਗੂ ਮੱਠ ਦਾ ਮਾਮਲਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿਚ ਉੜੀਸਾ ਸਰਕਾਰ ਨਾਲ ਕਈ ਵਾਰ ਰਾਬਤਾ ਕਾਇਮ ਕੀਤਾ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਅੱਜ ਸਬ-ਕਮੇਟੀ ਦੀ ਇਕੱਤਰਤਾ ਦੌਰਾਨ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਢੁੱਕਵਾਂ ਹੱਲ ਕੱਢਣ ਦੀ ਕਾਰਵਾਈ ਜਾਰੀ ਰੱਖਣ ਤੋਂ ਇਲਾਵਾ ਮਾਨਯੋਗ ਸੁਪਰੀਮ ਕੋਰਟ ਵਿਚ ਪੁਟੀਸ਼ਨ ਦਾਇਰ ਕਰਨ ਬਾਰੇ ਕਾਗਜ਼ਾਤ ਤਿਆਰ ਕਰਨ ’ਤੇ ਵੀ ਸਹਿਮਤੀ ਬਣੀ ਹੈ।ਉਨ੍ਹਾਂ ਦੱਸਿਆ ਕਿ ਇਸ ਕੇਸ ਲਈ ਐਡਵੋਕੇਟ ਬ੍ਰਿਜਿੰਦਰ ਸਿੰਘ ਲੂੰਬਾ ਨੂੰ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਇਸ ਦਾ ਪ੍ਰਬੰਧ ਸਿੱਖ ਕੌਮ ਖੁਦ ਕਰੇ, ਪਰੰਤੂ ਅਜੇ ਤੱਕ ਮਸਲਾ ਕਿਸੇ ਪਾਸੇ ਨਹੀਂ ਲੱਗ ਰਿਹਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦਾ ਪ੍ਰਬੰਧ ਪ੍ਰਾਪਤ ਕਰਨ ਲਈ ਕਾਰਵਾਈ ਜਾਰੀ ਰੱਖੇਗੀ।ਵੀਡੀਓ ਕਾਨਫਰੰਸ ਰਾਹੀਂ ਇਕੱਤਰਤਾ ਵਿੱਚ ਸੁਰਜੀਤ ਸਿੰਘ ਭਿੱਟੇਵਡ, ਜਗਦੀਪ ਸਿੰਘ ਉੜੀਸਾ, ਮਹਿੰਦਰ ਸਿੰਘ ਉੜੀਸਾ, ਜਗਜੀਤ ਸਿੰਘ ਉੜੀਸਾ, ਬ੍ਰਿਜਿੰਦਰ ਸਿੰਘ ਲੂੰਬਾ ਐਡਵੋਕੇਟ ਚੰਡੀਗ੍ਹੜ, ਰਜਿੰਦਰ ਸਿੰਘ ਨਵੀਂ ਦਿੱਲੀ, ਬਲਦੇਵ ਸਿੰਘ ਉੜੀਸਾ, ਅਜਮੇਰ ਸਿੰਘ ਰੰਧਾਵਾ ਸ਼ਾਮਲ ਹੋਏ।