Thursday, November 21, 2024

ਵੱਡੀਆਂ ਭੈਣਾਂ ਤੋਂ ਮਿਲਦਾ ਹੈ ਨਿੱਘ ਤੇ ਪਿਆਰ

        ਪਰਿਵਾਰ ਸਮਾਜ ਦਾ ਛੋਟਾ ਰੂਪ ਹੈ।ਪਰ ਪਰਿਵਾਰ ਵਿੱਚ ਰਹਿ ਕੇ ਹੀ ਇਨਸਾਨ ਸਮਾਜ ਵਿੱਚ ਵਿਚਰਨਾ ਸਿੱਖਦਾ ਹੈ।ਜਿਵੇਂ ਘਰ ਇਨਸਾਨ ਨੂੰ ਗਰਮੀ, ਸਰਦੀ, ਨ੍ਹੇਰੀ-ਝੱਖੜ, ਮੀਂਹ ਆਦਿ ਤੋਂ ਬਚਾਉਂਦਾ ਹੈ।ਉਵੇਂ ਹੀ ਪਰਿਵਾਰ ਇਨਸਾਨ ਨੂੰ ਬਹੁਤ ਸਾਰੇ ਬੁਰੇ ਪ੍ਰਭਾਵਾਂ ਤੋਂ ਬਚਾਉਂਦਾ ਹੈ, ਜੋ ਇਕੱਲੇ ਮਨੁੱਖ ਨੂੰ ਆਪਣੇ ਅਧੀਨ ਕਰ ਸਕਦੇ ਹਨ।ਇਸ ਲਈ ਪਰਿਵਾਰ ਵਿੱਚਲੇ ਸਾਰੇ ਰਿਸ਼ਤਿਆਂ ਦੀ ਆਪੋ-ਆਪਣੀ ਮਹੱਤਤਾ ਹੈ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰਿਵਾਰ ਵਿੱਚ ਮਾਂ-ਬਾਪ ਦੇ ਰਿਸ਼ਤੇ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ।ਪਰ ਮਾਂ ਤੋਂ ਬਾਅਦ ਜੇ ਕਿਸੇ ਰਿਸ਼ਤੇ ਵਿਚੋਂ ਨਿੱਘ ਆਉਂਦਾ ਹੈ ਤਾਂ ਉਹ ਹੈ ਵੱਡੀ ਭੈਣ ਦਾ ਰਿਸ਼ਤਾ।ਵੱਡੀਆਂ ਭੈਣਾਂ ਲਈ ਛੋਟੇ ਭੈਣ-ਭਰਾ ਉਹਨਾਂ ਦੇ ਆਪਣੇ ਬੱਚਿਆਂ ਵਾਂਗ ਹੁੰਦੇ ਹਨ ।
                 ਵੱਡੀਆਂ ਭੈਣਾਂ ਸਦਾ ਆਪਣੇ ਛੋਟੇ ਭੈਣ-ਭਰਾਵਾਂ ਤੋਂ ਜਾਨ ਵਾਰਦੀਆਂ ਹਨ।ਉਹਨਾਂ ਦੀਆਂ ਸਾਰੀਆਂ ਬਲਾਵਾਂ ਉਹ ਆਪਣੇ ਸਿਰ ਲੈ ਲੈਂਦੀਆਂ ਹਨ।ਉਹ ਉਹਨਾਂ ਦੀ ਨਿੱਕੀ-ਜਿਹੀ ਖੁਸ਼ੀ ਨੂੰ ਅਤੇ ਵਡੇ ਤੋਂ ਵੱਡੇ ਦੁੱਖ ਨੂੰ ਵੀ ਝੱਟ ਵੰਡਾ ਲੈਂਦੀਆਂ ਹਨ।ਵਿਆਹੇ ਜਾਣ ਤੋਂ ਬਾਅਦ ਅਤੇ ਆਪਣੇ ਬੱਚੇ ਹੋ ਜਾਣ ‘ਤੇ ਵੀ ਉਹ ਆਪਣੇ ਛੋਟੇ ਭੈਣ-ਭਰਾਵਾਂ ਨੂੰ ਆਪਣੇ ਬੱਚੇ ਹੀ ਸਮਝਦੀਆਂ ਹਨ।
ਅੱਜ 16 ਮਈ ਨੂੰ ਮੇਰੀ ਵੱਡੀ ਭੈਣ ਰਣਜੀਤ ਕੌਰ ਦੀ ਤੀਜੀ ਬਰਸੀ ਹੈ।ਉਸ ਨੇ ਵੀ ਸਾਡਾ ਸਾਰੇ ਛੋਟੇ ਭੈਣ-ਭਰਾਵਾਂ ਦਾ ਸਦਾ ਆਪਣੇ ਬੱਚਿਆਂ ਵਾਂਗ ਖਿਆਲ ਰੱਖਿਆ ਸੀਞ।ਸਾਡੀ ਨਿੱਕੀ ਜਿਹੀ ਖੁਸ਼ੀ ਨੂੰ ਦੂਣੇ ਚਾਵਾਂ-ਮਲ੍ਹਾਰਾਂ ਨਾਲ ਵਧਾਇਆ ਸੀ ਅਤੇ ਸਾਡੇ ਗਹਿਰੇ ਤੋਂ ਗਹਿਰੇ ਦੁੱਖ ਨੂੰ ਆਪਣੇ ਅੰਦਰ ਸਮਾਇਆ ਸੀ।ਮੈਨੂੰ ਯਾਦ ਹੈ ਉਸ ਦੇ ਚਿਹਰੇ ‘ਤੇ ਸਦਾ ਮੁਸਕਾਨ ਰਹਿੰਦੀ ਸੀ।ਸਾਨੂੰ ਵੇਖ ਕੇ ਤਾਂ ਉਹ ਜਿਵੇਂ ਖਿੜ ਹੀ ਪੈਂਦੀ ਸੀ।ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਸਦੇ ਹਸੂੰ-ਹਸੂੰ ਕਰਦੇ ਚਿਹਰੇ ਪਿੱਛੇ ਕਿੰਨੇ ਦੁੱਖ ਤੇ ਤਕਲੀਫਾਂ ਛੁਪੇ ਹੋਏ ਸਨ।ਧੰਨ ਸੀ ਉਹ!
                   ਜਦੋਂ ਵੱਡੀ ਭੈਣ ਦਾ ਚਿਹਰਾ ਪੜਨ ਜੋਗਾ ਹੋਇਆ ਉਦੋਂ ਉਹ ਸਾਡੇ ਵਿੱਚ ਨਹੀਂ ਰਹੀ।ਪਰ ਉਸ ਦੀ ਵੱਡੀ ਬੇਟੀ ਅਮ੍ਰਿਤਪਾਲ ਕੌਰ ਵਿਚੋਂ ਉਸ ਦਾ ਚਿਹਰਾ ਦੇਖਣ ਲੱਗਾ।ਅਮ੍ਰਿਤਪਾਲ ਕੌਰ ਆਪਣੇ ਛੋਟੇ ਭੈਣ-ਭਰਾ ਨਾਲ ਉਸੇ ਤਰ੍ਹਾਂ ਵਿੱਚਰਦੀ ਵੇਖ ਕੇ ਫਿਰ ਸਮਝ ਆ ਗਈ ਉਹ ਇਕੱਲੀ ਹੀ ਨਹੀ।ਇਸ ਸਮਾਜ ਵਿੱਚ ਸਾਰੀਆਂ ਹੀ ਵੱਡੀਆਂ ਭੈਣਾਂ, ਭੈਣ ਰਣਜੀਤ ਕੌਰ ਵਰਗੀਆਂ ਹੀ ਹਨ।ਉਹ ਵੀ ਆਪਣੇ ਛੋਟੇ ਭੈਣ-ਭਰਾਵਾਂ ਦਾ ਆਪਣੇ ਬੱਚਿਆਂ ਵਾਂਗ ਹੀ ਖਿਆਲ ਰੱਖਦੀਆਂ ਹਨ।ਉਹ ਕਈ ਦੁੱਖ-ਤਕਲੀਫਾਂ ਸਹਿ ਕੇ ਵੀ ਚਿਹਰੇ ਤੇ ਮੁਸਕਾਨ ਰੱਖਦੀਆਂ ਹਨ।ਉਹ ਦੁਖੀ ਹੋਣ ਤਾਂ ਵੀ ਪੇਕਿਆਂ ਨੂੰ ਅਹਿਸਾਸ ਤੱਕ ਨਹੀਂ ਹੋਣ ਦਿੰਦੀਆਂ।ਉਹਨਾਂ ਨੂੰ ਜ਼ਮੀਨਾਂ-ਜ਼ਾਇਦਾਦਾਂ ਦੀ ਭੁੱਖ ਨਹੀਂ ਹੁੰਦੀ।ਬੁੱਢਾਪੇ ਵਿੱਚ ਬਿਨਾਂ ਕਿਸੇ ਲਾਲਚ ਉਹ ਮਾਂ-ਬਾਪ ਦਾ ਸਹਾਰਾ ਬਣਦੀਆਂ ਹਨ।ਜੋ ਅੰਤਾਂ ਦੇ ਦੁੱਖ ਸਹਿ ਕੇ ਵੀ ਮਾਂ-ਬਾਪ ਦੀ ਇੱਜ਼ਤ ਬਰਕਰਾਰ ਰੱਖਣ ਲਈ ਚਿਹਰੇ ‘ਤੇ ਮੁਸਕਾਨ ਰੱਖਦੀਆਂ ਹਨ।
                 ਅੰਤ ਵਿੱਚ ਭੈਣ ਰਣਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਮੈਂ ਉਹਨਾਂ ਸਾਰੀਆਂ ਵੱਡੀਆਂ ਭੈਣਾਂ ਨੂੰ ਵੀ ਸਿਜ਼ਦਾ ਕਰਦਾ ਹਾਂ ਜੋ ਇਸ ਪਦਾਰਥਵਾਦ ਦੇ ਯੁੱਗ ਵਿੱਚ ਵੀ ਆਪਣੇ ਛੋਟੇ ਭੈਣ-ਭਰਾਵਾਂ ਨੂੰ ਆਪਣੇ ਹੀ ਬੱਚੇ ਸਮਝ ਕੇ ਉਹਨਾਂ ਦਾ ਮਾਂਵਾਂ ਵਾਂਗ ਖਿਆਲ ਰੱਖਦੀਆਂ ਹਨ।

(16 ਮਈ ਨੂੰ ਭੈਣ ਰਣਜੀਤ ਕੌਰ ਦੀ ਤੀਜੀ ਬਰਸੀ ‘ਤੇ ਵਿਸ਼ੇਸ਼)

 

 

 

 

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 98552 07071

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …