53 ਵਿਅਕਤੀਆਂ ਨੂੰ ਕੀਤਾ ਘਰਾਂ ਵਿੱਚ ਇਕਾਂਤਵਾਸ – ਡਿਪਟੀ ਕਮਿਸ਼ਨਰ
ਲੁਧਿਆਣਾ, 22 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ
ਵਿਭਾਗ ਲੁਧਿਆਣਾ ਵਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ।ਇਸੇ ਤਰਾਂ ਅੱਜ ਵੀ 124 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।ਜਿਨਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ 250 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਕਾਰਨ ਇਹ ਗਿਣਤੀ 131 ਹੋ ਗਈ ਹੈ।ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।
ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 5593 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 5343 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਤੇ 250 ਦੇ ਨਤੀਜੇ ਉਡੀਕੇ ਜਾ ਰਹੇ ਹਨ ਅਤੇ 5085 ਰਿਪੋਰਟਾਂ ਨੈਗੇਟਿਵ ਆਈਆਂ ਹਨ।ਜ਼ਿਲਾ ਲੁਧਿਆਣਾ ਵਿੱਚ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ 178 ਅਤੇ ਹੋਰ ਜ਼ਿਲਿਆਂ ਦੀ ਗਿਣਤੀ 80 ਹੋ ਗਈ ਹੈ।ਜਦਕਿ ਮੌਤਾਂ ਦੀ ਗਿਣਤੀ 12 ਹੈ, ਜਿਨਾਂ ਵਿੱਚੋਂ 7 ਜ਼ਿਲਾ ਲੁਧਿਆਣਾ ਨਾਲ ਸੰਬੰਧਤ ਹਨ।
ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 5934 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।ਮੌਜੂਦਾ ਸਮੇਂ ਵੀ 2659 ਵਿਅਕਤੀ ਘਰਾਂ ਵਿੱਚ ਇਕਾਂਤਵਾਸ ਕੱਟ ਰਹੇ ਹਨ।ਅੱਜ 53 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਲਈ ਭੇਜਿਆ ਗਿਆ।
Punjab Post Daily Online Newspaper & Print Media