ਕਿਹਾ ਸਥਾਨਕ ਆਗੂਆਂ ਤੇ ਸੰਸਥਾਵਾਂ ਵਲੋਂ ਬੁਲੰਦ ਕੀਤੀ ਆਵਾਜ਼ ਰੰਗ ਲ਼ਿਆਈ
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਜਗਦੀਪ ਸਿੰਘ) – ਕੇਂਦਰੀ ਸੜਕਾਂ, ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ
ਇੰਡੀਆ ਵਲੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ-ਵੇਅ ਨਾਲ ਅੰਮ੍ਰਿਤਸਰ ਨੂੰ ਮੁੜ ਜੋੜਨ ਲਈ ਦਿੱਤੀ ਗਈ ਪ੍ਰਵਾਨਗੀ ਦਾ ਸਵਾਗਤ ਕਰਦਿਆਂ ਅੰਮ੍ਰਿਤਸਰ ਵਿਕਾਸ ਮੰਚ ਦੀ ਸਮੁੱਚੀ ਟੀਮ ਮਨਮੋਹਣ ਸਿੰਘ ਬਰਾੜ, ਪ੍ਰਿੰ. ਕੁਲਵੰਤ ਸਿੰਘ ਅਣਖੀ, ਚਰਨਜੀਤ ਸਿੰਘ ਗੁਮਟਾਲਾ, ਯੋਗੇਸ਼ ਕਾਮਰਾ, ਕੰਵਲਜੀਤ ਸਿੰਘ ਭਾਟੀਆ ਤੇ ਜਸਬੀਰ ਸਿੰਘ ਸੱਗੂ ਆਦਿ ਨੇ ਕੇਂਦਰੀ ਮੰਤਰੀ ਗਡਕਰੀ ਅਤੇ ਹਾਈਵੇਅ ਅਥਾਰਟੀ ਦਾ ਧੰਨਵਾਦ ਕੀਤਾ ਹੈ।ਮੰਚ ਨੇ ਕਿਹਾ ਹੈ ਕਿ ਵਿਕਾਸ ਮੰਚ ਦੀ ਟੀਮ ਨੂੰ ਜਦ ਐਕਸਪ੍ਰੈਸ-ਵੇਅ ਨਾਲੋਂ ਅੰਮ੍ਰਿਤਸਰ ਨੂੰ ਅਲੈਹਦਾ ਕਰਨ ਬਾਰੇ ਜਾਣਕਾਰੀ ਹਾਸਲ ਹੋਈ ਸੀ ਤਾਂ ਉਨਾਂ ਵਲੋਂ ਬਿਨਾਂ ਕਿਸੇ ਦੇਰੀ ਅੰਮ੍ਰਿਤਸਰ ਦੇ ਸਾਰੇ ਪ੍ਰਮੁੱਖ ਨੇਤਾਵਾਂ ਨੂੰ ਸੂਚਿਤ ਕਰ ਦੇਣ ਨਾਲ ਹੀ ਪ੍ਰਿੰਟ, ਬਿਜ਼ਲਈ ਅਤੇ ਸੋਸ਼ਲ ਮੀਡੀਆ ‘ਤੇ ਇਹ ਮਾਮਲਾ ਪ੍ਰਚਾਰਿਆ ਗਿਆ।
ਉਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸ਼ਵੇਤ ਮਲਿਕ ਮੈਂਬਰ ਰਾਜ ਸਭਾ, ਅਨਿਲ ਜੋਸ਼ੀ ਸਾਬਕਾ ਮੰਤਰੀ ਪੰਜਾਬ, ਤਰੁਣ ਚੁੱਘ ਕੌਮੀ ਸਕੱਤਰ ਭਾਜਪਾ, ਰਜਿੰਦਰ ਮੋਹਨ ਸਿੰਘ ਛੀਨਾ ਭਾਜਪਾ ਆਗੂ, ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਪੰਜਾਬ, ਵਿਰਸਾ ਸਿੰਘ ਵਲਟੋਹਾ ਸਾਬਕਾ ਚੀਫ ਪਾਰਲੀਮਾਨੀ ਸਕੱਤਰ, ਗੁਰਜੀਤ ਸਿੰਘ ਔਜਲਾ ਮੈਂਬਰ ਲੋਕ ਸਭਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਟਕਸਾਲੀ ਆਗੂ, ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ, ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਆਦਿ ਨੇਤਾਵਾਂ ਤੋਂ ਇਲਾਵਾ ਵਿਉਪਾਰ ਮੰਡਲ ਅੰਮ੍ਰਿਤਸਰ, ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ, ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ, ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਸ਼੍ਰੋ੍ਮਣੀ ਕਮੇਟੀ ਨੇ ਵੀ ਅੰਮ੍ਰਿਤਸਰ ਨਾਲ ਭਾਵੀ ਧੱਕੇ ਵਿਰੁੱਧ ਆਵਾਜ਼ ਬੁਲੰਦ ਕਰ ਕੇ ਆਪਣਾ ਭਰਵਾਂ ਯੋਗਦਾਨ ਪਾਇਆ।ਜਿਸ ਲਈ ਉਹ ਵੀ ਵਧਾਈ ਦੇ ਪਾਤਰ ਹਨ।
ਮੰਚ ਆਗੂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਵੀ ਅੰਮ੍ਰਿਤਸਰ ਤੋਂ ਵਿਦਿਅਕ, ਸਿਹਤ ਅਤੇ ਤਕਨਾਲੋਜੀ ਪੱਖ ਤੋਂ ਬੇਸ਼ਕੀਮਤੀ ਅਤੇ ਵਿਕਾਸਮੁਖੀ ਮਹੱਤਵਪੂਰਨ ਪ੍ਰਾਜੈਕਟ ਪੰਜਾਬ ਦੇ ਦੂਜੇ ਸ਼ਹਿਰਾਂ ਨੂੰ ਸੁਆਰਥੀ ਅਤੇ ਤੰਗ-ਦਿਲੀ ਸੋਚ ਤਹਿਤ ਸਿਆਸਤਦਾਨਾਂ ਵਲੋਂ ਤਬਦੀਲ ਕਰਵਾ ਦਿੱਤੇ ਗਏ ਸਨ।ਪ੍ਰੰਤੂ ਉਸ ਵਕਤ ਕਿਸੇ ਵੀ ਅੰਮ੍ਰਿਤਸਰੀ ਨੇਤਾ ਨੇ ‘ਹਾਅ ਦਾ ਨਾਹਰਾ’ ਤੱਕ ਵੀ ਨਹੀਂ ਸੀ ਮਾਰਿਆ।ਪਰ ਇਸ ਵਾਰ ਧੱਕੇਸ਼ਾਹੀ ਦੇ ਖਿਲਾਫ ਮਿਲ ਕੇ ਬੁਲੰਦ ਕੀਤੀ ਗਈ ਆਵਾਜ਼ ਰੰਗ ਲ਼ਿਆਈ ਹੈ।