ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਮਰਗੜ੍ਹ ਦੇ ਸਮਾਜ ਸੇਵੀ ਨੌਜਵਾਨ ਅਨਮੋਲ ਗੁਪਤਾ ਸੀ.ਏ ਵਲੋਂ ਕਰਫਿਊ ਅਤੇ ਕਰੋਨਾ ਦੇ ਇਸ
ਦੌਰ ਵਿਚ ਅਮਰਗੜ੍ਹ ਪੁਲਿਸ ਵਲੋਂ ਨਿਭਾਈਆਂ ਸੇਵਾਵਾਂ ਤੋਂ ਪ੍ਰਭਾਵਿਤ ਹੁੰਦਿਆਂ ਪੁਲਿਸ ਕਰਮੀਆਂ ਨੂੰ ਵਰਦੀਆਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਚੇਚੇ ਤੌਰ `ਤੇ ਪਹੁੰਚੇ ਡੀ.ਐਸ.ਪੀ ਕਰਨਵੀਰ ਸਿੰਘ ਨੇ ਜਿਥੇ ਸਮਾਜ ਸੇਵੀ ਨੌਜਵਾਨ ਅਨਮੋਲ ਗੁਪਤਾ ਵਲੋਂ ਪੁਲਿਸ ਕਰਮੀਆਂ ਨੂੰ ਵਰਦੀਆਂ ਦੇਣ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਜਿਹੇ ਉਪਰਾਲੇ ਅਤੇ ਹੌਸਲਾ ਅਫਜ਼ਾਈ ਪੁਲਿਸ ਨੂੰ ਹੋਰ ਤਨਦੇਹੀ ਅਤੇ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਦੇ ਹਨ।ਸਮਾਜ ਸੇਵੀ ਨੌਜਵਾਨ ਅਨਮੋਲ ਗੁਪਤਾ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਵਰਦੀਆਂ ਨਾਲ ਸਨਮਾਨਿਤ ਕਰਨ ਦਾ ਪ੍ਰੋਗਰਾਮ ਆਪਣੇ ਬਹੁਤ ਹੀ ਅਜ਼ੀਜ਼ ਸੰਜੇ ਅਬਰੋਲ ਦੇ ਸੁਝਾਵਾਂ ਅਤੇ ਸਹਿਯੋਗ ਸਦਕਾ ਉਲੀਕਿਆ ਹੈ।ਕਰੋਨਾ ਵਿਰੁੱਧ ਜੰਗ ਦੌਰਾਨ ਅਵਾਮ ਤੱਕ ਸਹੀ ਤੇ ਸੱਚੀ ਜਾਣਕਾਰੀ ਪਹੁੰਚਾਉਣ ਲਈ ਹਾਜ਼ਰ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਥਾਣਾ ਮੁਖੀ ਰਾਜੇਸ਼ ਕੁਮਾਰ ਮਲਹੋਤਰਾ, ਸਬ-ਇੰਸਪੈਕਟਰ ਮਨਜੋਤ ਸਿੰਘ, ਏ.ਐਸ.ਆਈ ਸੋਹਣ ਲਾਲ, ਨਾਸਰਦੀਨ, ਸੁਲਤਾਨ ਅਲੀ, ਰਾਜਬੀਰ ਕੌਰ, ਰਾਜ ਕੁਮਾਰ ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।